ਪੰਨਾ:Mumu and the Diary of a Superfluous Man.djvu/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

51

ਸਾਰਾ ਦਿਨ ਘਰ ਵਿਚ ਗਰਾਸੀਮ ਨਜ਼ਰ ਨਹੀਂ ਆਇਆ ਸੀ। ਡਿਨਰ ਦੇ ਵਕਤ ਉਸ ਦੀ ਸੀਟ ਖ਼ਾਲੀ ਰਹੀ ਸੀ। ਘਰ ਦੇ ਸਾਰੇ ਲੋਕ ਰਾਤ ਦੇ ਖਾਣੇ ਲਈ ਵੱਡੇ ਨੌਕਰਾਂ ਦੇ ਹਾਲ ਵਿਚ ਇਕੱਠੇ ਹੋਏ ਪਰ ਗਰਾਸੀਮ ਉਨ੍ਹਾਂ ਦੇ ਵਿਚਕਾਰ ਨਹੀਂ ਸੀ।

"ਗਰਾਸੀਮ ਕਿੰਨੀ ਅਨੋਖੀ ਕਿਸਮ ਦਾ ਬੰਦਾ ਹੈ!" ਇੱਕ ਮੋਟੀ ਧੋਬਣ ਨੇ ਚੀਕਵੀਂ ਆਵਾਜ਼ ਵਿਚ ਟਿੱਪਣੀ ਕੀਤੀ। "ਕੋਈ ਬੰਦਾ ਕੁੱਤੇ ਬਾਰੇ ਇੰਨੀ ਚਿੰਤਾ ਕਿਵੇਂ ਕਰ ਸਕਦਾ ਹੈ?"

"ਉਹ ਇੱਥੇ ਕਿਤੇ ਸੀ, "ਸੂਪ ਪੀਣ ਦੇ ਮਜ਼ੇ ਲੈ ਰਹੇ ਸਟੇਪਨ ਨੇ ਕਿਹਾ।

"ਕਦੋਂ? ਕਦੋਂ?" ਸਾਰੇ ਇੱਕੋ ਦਮ ਬੋਲੇ।

"ਲਗਭਗ ਦੋ ਘੰਟੇ ਪਹਿਲਾਂ, ਯਕੀਨ ਮੰਨੋ। ਮੈਂ ਉਸ ਨੂੰ ਆਉਂਦੇ ਅਤੇ ਫਿਰ ਬਾਹਰ ਨਿਕਲਦੇ ਨੂੰ ਦੇਖਿਆ। ਮੈਂ ਉਸ ਨੂੰ ਗੇਟ 'ਤੇ ਮਿਲਿਆ ਸੀ ਅਤੇ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਮੂਮੂ ਨਾਲ ਕੀ ਕੀਤਾ ਸੀ ਪਰ ਉਸ ਦਾ ਮਨ ਖ਼ਰਾਬ ਹੋਇਆ ਲੱਗਦਾ ਸੀ। ਹਾਂ, ਉਸ ਨੇ ਮੈਨੂੰ ਇਕ ਪਾਸੇ ਧੱਕ ਦਿੱਤਾ ਜਿਸ ਤੋਂ ਉਹਦਾ ਸ਼ਾਇਦ ਇਹ ਮਤਲਬ ਸੀ ਕਿ ਮੈਨੂੰ ਉਸ ਦੀ ਪਰਵਾਹ ਕਰਨ ਦੀ ਲੋੜ ਨਹੀਂ ਪਰ ਉਸ ਨੇ ਮੇਰੀ ਧੌਣ 'ਤੇ ਬੜੀ ਜ਼ੋਰ ਦਾ ਘਸੁੰਨ ਛੱਡਿਆ! ਊਈ-ਊਈ-ਊਈ! ਮੈਂ ਤੁਹਾਨੂੰ ਕੀ ਦੱਸਾਂ! "ਉਹ ਆਪਣੀ ਧੌਣ 'ਤੇ ਹੱਥ ਫੇਰਨ ਲੱਗਾ। ਉਸ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਅਜੇ ਵੀ ਦੁਖ ਰਹੀ ਸੀ। "ਉਫ਼ ਉਹਦਾ ਹੱਥ, ਗਰਾਸੀਮ ਦਾ ਹੱਥ ਸਚਮੁੱਚ ਫੌਲਾਦੀ!"

ਉਹ ਸਾਰੇ ਸਟੇਪਨ ਦੀਆਂ ਗੱਲਾਂ ਤੇ ਹਰਕਤਾਂ 'ਤੇ ਖ਼ੂਬ ਹੱਸੇ। ਖਾਣੇ ਤੋਂ ਬਾਅਦ ਉਹ ਚਲੇ ਗਏ।

ਐਨ ਇਸ ਸਮੇਂ, ਮੋਢੇ 'ਤੇ ਇਕ ਗੱਠੜੀ ਅਤੇ ਹੱਥ ਵਿਚ ਇਕ ਮਜ਼ਬੂਤ ​​ਸੋਟੀ ਲਈ ਟੀ...ਵੱਡੀ ਸੜਕ 'ਤੇ ਸਪਸ਼ਟ ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਦੇ ਨਾਲ ਇਕ ਦਿਓ-ਕੱਦ ਆਦਮੀ ਜਾ ਰਿਹਾ ਸੀ। ਇਹ ਗਰਾਸੀਮ ਸੀ। ਉਹ ਆਪਣੇ ਜੱਦੀ ਘਰ, ਆਪਣੇ ਪਿੰਡ, ਆਪਣੇ ਵਤਨ ਵੱਲ ਲੰਮੀਆਂ-ਲੰਮੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਸੀ। ਮੁੂਮੂ ਨੂੰ ਡੁਬੋ ਕੇ ਉਹ ਭੱਜਿਆ-ਭੱਜਿਆ ਆਪਣੀ ਕੋਠੜੀ ਵਿਚ ਆਇਆ ਸੀ। ਕਾਹਲੀ-ਕਾਹਲੀ ਉਸ ਨੇ ਆਪਣੀਆਂ ਕੁਝ ਚੀਜ਼ਾਂ ਇਕੱਤਰ ਕਰ ਲਈਆਂ, ਇਕ ਗਠੜੀ ਬੰਨ੍ਹ ਲਈ ਅਤੇ ਚਾਲੇ ਪਾ ਦਿੱਤੇ। ਉਹ ਆਪਣੇ ਪਿੰਡ ਦਾ ਰਾਹ ਜਾਣਦਾ ਸੀ ਜਦੋਂ ਉਹ ਮਾਸਕੋ ਲਿਆਂਦਾ ਗਿਆ ਸੀ ਤਾਂ ਉਸ ਨੇ ਰਾਹ ਵਿਚ ਦੇਖੀਆਂ ਸਾਰੀਆਂ ਚੀਜ਼ਾਂ ਆਪਣੇ ਮਨ ਵਿਚ ਚੰਗੀ ਤਰ੍ਹਾਂ ਚਿਤਾਰ ਲਈਆਂ ਸਨ। ਇਹ ਪਿੰਡ ਵੱਡੀ ਸੜਕ ਤੋਂ ਸਿਰਫ 25 ਕੁ ਕਿਲੋਮੀਟਰ ਦੂਰ ਸੀ।