ਪੰਨਾ:Mumu and the Diary of a Superfluous Man.djvu/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

49

ਸੂਪ ਦੀ ਪਲੇਟ ਵਿਚ ਪਾ ਕੇ ਉਸ ਨੇ ਇਸ ਨੂੰ ਮੂਮੂ ਲਈ ਜ਼ਮੀਨ 'ਤੇ ਰੱਖ ਦਿੱਤਾ। ਉਹ ਉਸ ਨੂੰ ਮਜ਼ੇ ਨਾਲ ਚਟਖਾਰੇ ਲੈ ਲੈ ਖਾਣਾ ਖਾ ਰਹੀ ਨੂੰ ਦੇਖਣ ਲੱਗਾ ਅਤੇ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ ਹੰਝੂ ਡਲਕ ਪਏ। ਇੱਕ ਮੂਮੂ ਦੇ ਸਿਰ ਉੱਤੇ, ਅਤੇ ਦੂਜਾ ਉਸ ਦੀ ਪਲੇਟ ਵਿਚ ਡਿੱਗ ਪਿਆ। ਉਸ ਨੇ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢੱਕ ਲਿਆ।

ਮੂਮੂ ਭੋਜਨ ਦਾ ਤਕਰੀਬਨ ਅੱਧ ਖਾ ਗਈ ਅਤੇ ਸੁਆਦ ਦੇ ਨਾਲ ਆਪਣੀ ਬੂਥੀ ਚੱਟਦੀ ਹੋਈ ਇਕ ਪਾਸੇ ਚਲੀ ਗਈ। ਗਰਾਸੀਮ ਉੱਠਿਆ, ਭੋਜਨ ਦੇ ਪੈਸੇ ਅਦਾ ਕੀਤੇ ਅਤੇ ਢਾਬੇ ਵਿਚੋਂ ਨਿਕਲ ਗਿਆ। ਵੇਟਰ ਨੇ ਉਸ ਨੂੰ ਚੁੱਪ-ਚਾਪ ਹੈਰਾਨੀ ਨਾਲ ਦੇਖਦਾ ਰਿਹਾ ਅਤੇ ਜਿਉਂ ਹੀ ਉਸ 'ਤੇ ਨਿਗਾਹ ਰੱਖਣ ਲਈ ਬਾਹਰ ਰੁਕੇ ਹੋਏ ਈਰੋਸ਼ਕਾ ਨੇ ਉਸ ਨੂੰ ਆਉਂਦੇ ਹੋਏ ਵੇਖਿਆ। ਉਹ ਇਕ ਪਾਸੇ ਹੋ ਗਿਆ ਅਤੇ ਖੂੰਜੇ ਦੇ ਪਿੱਛੇ ਲੁਕ ਗਿਆ ਜਦੋਂ ਉਹ ਮੁਮੂ ਨੂੰ ਰੱਸੀ ਤੋਂ ਫੜ੍ਹ ਕੇ ਲੰਘ ਗਿਆ ਈਰੋਸ਼ਾਕਾ ਆਪਣੀ ਲੁਕਣ-ਥਾਂ ਤੋਂ ਨਿਕਲਿਆ ਅਤੇ ਫਿਰ ਉਸ ਦਾ ਪਿੱਛਾ ਕਰਨ ਲੱਗਾ।

ਗਰਾਸੀਮ ਹੌਲੀ-ਹੌਲੀ ਤੁਰਦਾ, ਸੋਚਾਂ ਵਿਚ ਡੁੱਬਿਆ ਕੁਝ ਦੂਰੀ 'ਤੇ ਚਲਾ ਗਿਆ। ਫਿਰ ਉਹ ਨੇ ਕੁਝ ਸਕਿੰਟਾਂ ਲਈ ਰੁਕਿਆ, ਜਿਵੇਂ ਕਿ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇਸ ਤੋਂ ਬਾਅਦ ਉਹ ਜਲਦੀ ਨਾਲ ਮੋੜ ਮੁੜਿਆ ਅਤੇ ਲੰਮੀਆਂ ਲੰਮੀਆਂ ਪੁਲਾਂਘਾਂ ਪੁੱਟਦਾ ਕ੍ਰਿੰਸਕੀ ਬਰੋਦਾ ਪਹੁੰਚ ਗਿਆ ਅਤੇ ਨਦੀ ਦੇ ਨਾਲ ਸੜਕ ਫੜ੍ਹ ਲਈ। ਉਹ ਇਕ ਵਿਹੜੇ ਵਿਚ ਦਾਖ਼ਲ ਹੋਇਆ ਜਿੱਥੇ ਉਸ ਨੂੰ ਇੱਟਾਂ ਪਈਆਂ ਨਜ਼ਰ ਆਈਆਂ ਤੇ ਉਸ ਨੇ ਉਨ੍ਹਾਂ ਵਿਚੋਂ ਦੋ ਇੱਟਾਂ ਚੁੱਕ ਕੇ ਆਪਣੀ ਕੱਛ ਵਿਚ ਵਿਚ ਲਈਆਂ ਤੇ ਅੱਗੇ ਚੱਲ ਪਿਆ।

ਉਹ ਚੱਲਦਾ ਰਿਹਾ, ਚੱਲਦਾ ਰਿਹਾ ਅਤੇ ਅਖ਼ੀਰ ਉਹ ਇਕ ਪੁਲ 'ਤੇ ਪਹੁੰਚ ਗਿਆ ਜਿੱਥੇ ਉਸ ਨੇ ਪਿਛਲੀ ਵਾਰ ਇਕ ਖੰਭੇ ਨਾਲ ਬੰਨ੍ਹੀਆਂ ਭਾਰੀ ਚੱਪੂਆਂ ਵਾਲੀਆਂ ਦੋ ਕਿਸ਼ਤੀਆਂ ਦੇਖੀਆਂ ਸਨ। ਉਹ ਮੂਮੂ ਨਾਲ ਇਕ ਕਿਸ਼ਤੀ ਵਿਚ ਛਾਲ ਮਾਰ ਕੇ ਚੜ੍ਹ ਗਿਆ ਅਤੇ ਉਸ ਨੂੰ ਖੋਲ੍ਹ ਕੇ ਉਸ ਨੇ ਚੱਪੂ ਫੜ੍ਹ ਲਏ। ਇਕ ਬੁੱਢਾ ਮਧਰਾ ਤੇ ਡੁੱਡਾ ਜਿਹਾ ਆਦਮੀ ਇਕ ਛੋਟੀ ਜਿਹੀ ਕੁੱਲੀ ਵਿਚੋਂ ਬਾਹਰ ਆ ਕੇ ਉਸ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ। ਗਰਾਸੀਮ ਨੇ ਸਿਰ ਹਿਲਾਇਆ ਅਤੇ ਇੰਨੇ ਜ਼ੋਰ ਨਾਲ ਚੱਪੂ ਚਲਾਣੇ ਸ਼ੁਰੂ ਕਰ ਦਿੱਤੇ ਕਿ ਉਹ ਵਹਿਣ ਦੇ ਉਲਟ ਚੱਲ ਕੇ ਵੀ ਕੁਝ ਸਕਿੰਟਾਂ ਵਿਚ ਦੋ ਸੌ ਮੀਟਰ ਉਸ ਤੋਂ ਦੂਰ ਆ ਗਿਆ ਸੀ। ਮਧਰਾ ਆਦਮੀ ਦੇਖਦਾ ਰਿਹਾ। ਉਸ ਨੇ ਪਹਿਲਾਂ ਆਪਣੇ ਸੱਜੇ ਹੱਥ ਨਾਲ, ਫਿਰ ਖੱਬੇ ਨਾਲ ਅਤੇ ਫਿਰ ਦੋਵਾਂ ਹੱਥਾਂ ਨਾਲ ਆਪਣਾ ਸਿਰ ਖੁਰਕਿਆ। ਉਹ ਪਿੱਛੇ ਮੁੜਿਆ ਅਤੇ ਫਿਰ ਡੁੱਡ ਮਾਰਦਾ ਵਾਪਸ ਆਪਣੀ ਕੁੱਲੀ ਵਿਚ ਚਲਾ ਗਿਆ।