ਪੰਨਾ:Mumu and the Diary of a Superfluous Man.djvu/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

42

ਮੂਮੂ

ਉਸ ਨੂੰ ਉੱਕਾ ਖ਼ਿਆਲ ਨਹੀਂ ਆਇਆ ਸੀ ਕਿ ਕੁੱਤਾ ਆਪਣੀ ਭੌਂਕਣ ਦੀ ਆਵਾਜ਼ ਨਾਲ ਖ਼ੁਦ ਨੂੰ ਜ਼ਾਹਿਰ ਕਰ ਦੇਵੇਗਾ।

ਦਰਅਸਲ, ਘਰ ਦੇ ਸਾਰੇ ਲੋਕ ਉਸੇ ਸਵੇਰ ਨੂੰ ਜਾਣ ਗਏ ਸਨ ਕਿ ਮੂਮੂ ਵਾਪਸ ਆ ਗਈ ਹੈ ਅਤੇ ਉਹ ਗਰਾਸੀਮ ਦੇ ਕਮਰੇ ਵਿਚ ਤਾਲਾਬੰਦ ਹੈ ਪਰ ਉਸ ਲਈ ਅਤੇ ਕੁੱਤੇ ਲਈ ਤਰਸ ਕਾਰਨ ਕੁਝ ਹੱਦ ਤਕ ਉਸ ਦੇ ਡਰ ਕਾਰਨ ਉਨ੍ਹਾਂ ਇਹ ਜ਼ਾਹਿਰ ਨਾ ਕੀਤਾ ਕਿ ਉਨ੍ਹਾਂ ਨੂੰ ਉਸ ਦਾ ਭੇਤ ਜ਼ਾਹਿਰ ਹੋ ਚੁੱਕਾ ਸੀ। ਸੇਵਾਦਾਰ ਦਾ ਚਿਹਰਾ ਇਹ ਖ਼ਬਰ ਸੁਣ ਕੇ ਤਣ ਗਿਆ। ਉਹ ਸੋਚੀ ਪੈਂਦਿਆਂ ਆਪਣੀ ਖੁੱਤੀ 'ਤੇ ਹੱਥ ਫੇਰਦਾ ਅਤੇ ਆਪ ਮੁਹਾਰੇ ਹੱਥ ਹਿਲਾਉਂਦਿਆਂ। "ਠੀਕ ਹੈ, ਕੋਈ ਫ਼ਿਕਰ ਵਾਲੀ ਗੱਲ ਨਹੀਂ! ਹੋ ਸਕਦਾ ਹੈ ਕਿ ਮਾਲਕਣ ਨੂੰ ਇਸ ਦਾ ਪਤਾ ਹੀ ਨਾ ਲੱਗ ਸਕੇ।"

ਗਰਾਸੀਮ ਨੇ ਉਸ ਦਿਨ ਘਰ ਦੇ ਆਲੇ-ਦੁਆਲੇ ਜਿੰਨਾ ਲਗਨ ਨਾਲ ਕੰਮ ਕੀਤਾ ਕਦੀ ਕਿਸੇ ਨੇ ਨਹੀਂ ਕੀਤਾ ਹੋਣਾ। ਉਸ ਨੇ ਵਿਹੜੇ ਦਾ ਚੱਪਾ-ਚੱਪਾ ਸਾਫ਼ ਕਰ ਦਿੱਤਾ। ਉਸ ਨੇ ਘਾਹ ਦੀਆਂ ਇਕ-ਇਕ ਕਰਕੇ ਸਭ ਤੜਾਂ ਪੁੱਟ ਦਿੱਤੀਆਂ ਜੋ ਫੁੱਟਪਾਥ ਦੇ ਪੱਥਰਾਂ ਦੇ ਜੋੜਾਂ ਦੇ ਵਿਚ ਉੱਗ ਆਈਆਂ ਸਨ। ਉਸ ਨੇ ਇਹ ਪੱਕਾ ਕਰਨ ਲਈ ਬਗ਼ੀਚੇ ਦੇ ਆਲੇ-ਦੁਆਲੇ ਹਰ ਵਾੜੇ ਦੀ ਇਕ-ਇਕ ਝਿੰਗ ਨੂੰ ਠੀਕ ਕੀਤਾ ਅਤੇ ਤਸੱਲੀ ਕੀਤੀ ਕਿ ਕੋਈ ਸੜ-ਗਲ਼ ਤਾਂ ਨਹੀਂ ਗਈ ਸੀ। ਬਹੁਤਿਆ ਦੀ ਥਾਂ ਜੇਕਰ ਇਕ ਗੱਲ ਵਿਚ ਇਸ ਵਿਸਤਾਰ ਨੂੰ ਨਿਬੇੜਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਨੇ ਇੰਨੇ ਜੋਸ਼ ਅਤੇ ਧਿਆਨ ਨਾਲ ਕੰਮ ਕੀਤਾ, ਕਿ ਮਾਲਕਣ ਨੇ ਵੀ ਉਸ ਨੂੰ ਸ਼ਾਬਾਸ਼ੀ ਦਿੱਤੀ। ਉਹ ਦਿਨ ਦੇ ਦੌਰਾਨ ਮੁਮੂ ਦੀ ਦੇਖ-ਰੇਖ ਕਰਨ ਲਈ ਕਈ ਵਾਰੀ ਚੋਰੀ ਛਿਪੇ ਸਮਾਂ ਕੱਢ ਲੈਂਦਾ ਸੀ ਅਤੇ ਸ਼ਾਮ ਨੂੰ ਉਹ ਬਿਨਾਂ ਦੇਰੀ ਦੇ ਆਪਣੀ ਨੂੰ ਬਾਹਾਂ ਵਿੱਚ ਲੈ ਕੇ ਸੌਂ ਜਾਂਦਾ ਸੀ।

ਅੱਧੀ ਰਾਤ ਤੋਂ ਕਰੀਬ ਦੋ ਕੁ ਘੰਟੇ ਬਾਅਦ ਉਹ ਉੱੱਠਿਆ ਅਤੇ ਮੁਮੂ ਨੂੰ ਥੋੜ੍ਹੀ ਜਿਹੀ ਵਰਜਿਸ਼ ਕਰਵਾਉਣ ਦੇ ਮੰਤਵ ਨਾਲ ਵਿਹੜੇ ਵਿਚ ਬਾਹਰ ਚਲਾ ਗਿਆ। ਉਹ ਲਗਪਗ ਇੱਕ ਘੰਟਾ ਭਰ ਉਸ ਦੇ ਨਾਲ ਘੁੰਮਦਾ ਰਿਹਾ। ਉਹ ਵਾਪਸ ਜਾਣ ਵਾਲਾ ਹੀ ਸੀ ਜਦੋਂ ਪਿਛਲੀ ਗਲੀ ਵਿਚ ਵਾੜ ਦੇ ਪਿੱਛੇ ਹਲਚਲ ਜਿਹੀ ਸੁਣਾਈ ਦਿੱਤੀ। ਮੂਮੂ ਵਾੜ ਵੱਲ ਭੱਜ ਗਈ ਅਤੇ ਸੁੰਘਣ ਲੱਗੀ। ਉਸ ਦੇ ਕੰਨ ਖੜੇ ਹੋ ਗਏ ਸਨ ਅਤੇ ਉਹ ਤਿੱਖੀ ਆਵਾਜ਼ ਵਿਚ ਭੌਂਕਣ ਲੱਗ ਪਈ। ਕੋਈ ਸ਼ਰਾਬੀ ਰਾਤ ਕੱਟਣ ਲਈ ਗਲੀ ਵਿਚ ਹੀ ਟਿਕ ਗਿਆ ਸੀ।

ਇਹ ਗੱਲ ਐਨ ਉਦੋਂ ਵਾਪਰੀ ਜਦੋਂ ਮਾਲਕਣ ਨੂੰ ਦੂਜੀ ਵਾਰ ਪਏ ਮਾਨਸਿਕ ਦੌਰੇ ਤੋਂ ਬਾਅਦ ਨੀਂਦ ਪਈ ਹੀ ਸੀ। ਅਕਸਰ ਬਹੁਤਾ ਖਾ ਲੈਣ ਦੇ ਬਾਅਦ ਮਾਲਕਣ ਨੂੰ ਅਜਿਹੇ ਦੌਰੇ ਪਿਆ ਕਰਦੇ ਸਨ।