ਪੰਨਾ:Mumu and the Diary of a Superfluous Man.djvu/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

29

ਗਰਾਸੀਮ ਨੇ ਜੋ ਕੁਝ ਹੋ ਰਿਹਾ ਸੀ ਉਸ 'ਤੇ ਸ਼ੰਕਾ ਭਰੀ ਨਜ਼ਰ ਨਾਲ ਤੱਕਿਆ ਅਤੇ ਉਹ ਸਾਰਾ ਦਿਨ ਲੜਕੀਆਂ ਦੇ ਕਮਰਿਆਂ ਦੇ ਆਲੇ ਦੁਆਲੇ ਰਿਹਾ। ਉਸ ਨੇ ਤਾੜ ਲਿਆ ਸੀ ਕਿ ਉਸ ਲਈ ਕੋਈ ਬਹੁਤ ਮੰਦਭਾਗੀ ਗੱਲ ਹੋ ਰਹੀ ਸੀ।

ਕੰਪਨੀ ਵਿਚ ਇਕ ਬੁੱਢਾ ਵੇਟਰ ਸੀ ਜਿਸ ਨੂੰ ਉਹ ਅੰਕਲ ਖਵੋਸਤ ਕਹਿੰਦੇ ਸਨ ਜਿਸ ਨੂੰ ਹਰ ਇਕ ਨੇ ਆਪਣੀ ਆਦਰਪੂਰਵਕ ਰਾਇ ਪੇਸ਼ ਕੀਤੀ। ਉਸ ਨੇ ਆਪਣਾ ਬੁੱਧੀਮਾਨ ਸਿਰ ਹਿਲਾਂਦੇ ਹੋਏ ਨੇ ਕਿਹਾ: "ਠੀਕ, ਠੀਕ, ਵਧੀਆ!" ਇਹੀ ਉਹ ਸਭ ਹੈ ਜੋ ਉਨ੍ਹਾਂ ਨੇ ਕਦੇ ਉਸ ਕੋਲੋਂ ਸੁਣਿਆ ਸੀ।

ਕੁਝ ਲੋਕਾਂ ਨੇ ਕਿਹਾ ਕਿ ਕਪੀਤੋਨ ਨੂੰ ਸਿਰਫ਼ ਸੁਰੱਖਿਆ ਲਈ ਉਸ ਛੋਟੀ ਕੋਠੜੀ ਵਿਚ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ, ਜਿੱਥੇ ਪਾਣੀ ਦਾ ਫਿਲਟਰ ਲਗਾਇਆ ਗਿਆ ਸੀ ਅਤੇ ਇਹੀ ਕੀਤਾ ਗਿਆ। ਬੇਸ਼ੱਕ, ਗਰਾਸੀਮ ਦੇ ਵਿਰੁੱਧ ਤਾਕਤ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ ਇਹ ਤਰੀਕਾ ਖ਼ਤਰਿਆਂ ਤੋਂ ਖਾਲੀ ਨਹੀਂ ਸੀ। ਸ਼ੋਰ-ਸ਼ਰਾਬਾ ਅਤੇ ਹੰਗਾਮਾ ਹੋ ਸਕਦਾ ਸੀ ਅਤੇ ਮਾਲਕਣ, ਰੱਬ ਨਾ ਕਰੇ! ਡਰ ਸਕਦੀ ਸੀ।

ਇਸ ਤਰ੍ਹਾਂ ਉਹ ਲੋਕ ਗੁੱਥੀ ਸੁਲਝਾਉਣ ਦੀ ਤਰਕੀਬ ਲੱਭਣ ਲਈ ਡੂੰਘੀ ਸੋਚ ਵਿਚਾਰ ਵਿਚ ਲੱਗੇ ਰਹੇ ਅਤੇ ਆਖ਼ਿਰ ਕਾਰਵਾਈ ਕਰਨ ਦੀ ਯੋਜਨਾ ਅਪਣਾਉਣ ਦਾ ਫ਼ੈਸਲਾ ਕਰ ਲਿਆ ਗਿਆ। ਅਕਸਰ ਇਹ ਦੇਖਣ ਵਿਚ ਆਇਆ ਸੀ ਕਿ ਗਰਾਸੀਮ ਸ਼ਰਾਬੀਆਂ ਨਾਲ ਬਹੁਤ ਨਫ਼ਰਤ ਕਰਦਾ ਸੀ। ਗੇਟ ਤੇ ਬੈਠੇ, ਉਹ ਹਮੇਸ਼ਾ ਨਫ਼ਰਤ ਨਾਲ ਮੂੰਹ ਫੇਰ ਲੈਂਦਾ ਹੁੰਦਾ ਸੀ ਜਦੋਂ ਕੋਈ ਨਸ਼ੇ ਵਿਚ ਧੁੱਤ ਸ਼ਰਾਬੀ ਲੜਖੜਾਉਂਦੇ ਹੋਏ ਅਤੇ ਆਪਣੀ ਢਿਲਕੀ ਟੋਪੀ ਨਾਲ ਉਸ ਕੋਲੋਂ ਲੰਘਦਾ ਸੀ। ਇਸ ਲਈ, ਇਸ ਤਜਵੀਜ਼ ਨੂੰ ਲਾਗੂ ਕਰਨ ਦਾ ਮਤਾ ਪਕਾਇਆ ਗਿਆ ਕਿ ਤਾਤਿਆਨਾ ਨੂੰ ਉਸ ਦੇ ਸਾਹਮਣੇ ਸ਼ਰਾਬੀ ਹੋਣ ਦੀ ਐਕਟਿੰਗ ਕਰਦੀ ਲੜਖੜਾਉਂਦੀ ਡਿੱਗਦੀ ਢਹਿੰਦੀ ਹੋਈ ਲੰਘੇ। ਤਾਤਿਆਨਾ ਅਜਿਹੀ ਚਾਲ ਖੇਡਣ ਦੇ ਹੱਕ ਵਿੱਚ ਨਹੀਂ ਸੀ, ਪਰ ਆਖ਼ਰ ਉਹ ਮੰਨ ਗਈ। ਉਸ ਨੂੰ ਪਤਾ ਸੀ ਕਿ ਉਸ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਚਾਰਾ ਨਹੀਂ ਸੀ। ਕਪੀਤੋਨ ਨੂੰ ਉਸ ਦੀ ਕੋਠੜੀ ਵਿਚੋਂ ਬਾਹਰ ਕੱਢਿਆ ਗਿਆ ਕਿਉਂਕਿ ਉਸ ਨੇ ਹੀ ਤਾਂ ਸਾਰੇ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਣੀ ਸੀ। ਹਵੇਲੀ ਦੇ ਸਾਰੇ ਲੋਕ ਖਿੜਕੀਆਂ ਦੀਆਂ ਸਲਾਖਾਂ ਦੇ ਪਿੱਛੇ ਤੈਨਾਤ ਹੋ ਗਏ ਤਾਂ ਕਿ ਇਹ ਸਾਰਾ ਨਾਟਕ ਦੇਖ ਸਕਣ ਪਰ ਇਹ ਚਾਲ ਪੂਰੀ ਤਰ੍ਹਾਂ ਸਫ਼ਲ ਰਹੀ।

ਗਰਾਸੀਮ ਗੇਟ ਅੱਗੇ ਸਟੂਲ 'ਤੇ ਬੈਠਾ ਸੀ ਅਤੇ ਉਸ ਨੇ ਆਪਣੇ ਸਿਰ ਨੂੰ ਹੱਥ 'ਤੇ ਟਿਕਾਇਆ ਸੀ, ਕੂਹਣੀ ਉਸ ਦੇ ਗੋਡੇ ਉੱਤੇ ਟਿਕੀ ਹੋਈ ਸੀ। ਉਹ ਆਪਣੇ ਦੂਜੇ ਹੱਥ ਵਿਚ ਫੜੇ ਬੇਲਚੇ ਨਾਲ