ਪੰਨਾ:Mumu and the Diary of a Superfluous Man.djvu/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

25

"ਪਰ, ਰੱਬ ਦੇ ਵਾਸਤੇ" ਕਪੀਤੋਨ ਨੇ ਟੋਕ ਕੇ ਕਿਹਾ, "ਉਹ ਮੈਨੂੰ ਮਾਰ ਦੇਵੇਗਾ! ਰੱਬ ਦੀ ਸਹੁੰ, ਉਹ ਮੈਨੂੰ ਮਾਰ ਸੁੱਟੇਗਾ! ਉਹ ਮੈਨੂੰ ਇਕ ਮੱਖੀ ਵਾਂਗ ਮਸਲ ਕੇ ਸੁੱਟ ਦੇਵੇਗਾ! ਉਸ ਦਾ ਘਸੁੰਨ -ਤੁਸੀਂ ਜਾਣਦੇ ਹੀ ਹੋ ਕਿ ਉਸ ਦਾ ਘਸੁੰਨ ਕਿੰਨਾ ਭਿਅੰਕਰ ਹੈ। ਉਸ ਦੀ ਬਾਂਹ ਮਿਨਿਨ ਅਤੇ ਪੋਜ਼ਾਰਸਕੀ ਵਰਗੀ ਹੈ!* ਉਹ ਬੋਲ਼ਾ ਹੈ ਜਦੋਂ ਉਹ ਮਾਰਦਾ ਹੈ ਤਾਂ ਉਸ ਨੂੰ ਸੁਣਦਾ ਨਹੀਂ ਕਿ ਸੱਟ ਕਿਵੇਂ ਵੱਜਦੀ ਹੈ। ਉਹ ਆਪਣਾ ਘਸੁੰਨ ਬੇਕਿਰਕੀ ਨਾਲ ਵਰਤਦਾ ਹੈ, ਜਿਵੇਂ ਕੋਈ ਸੁਪਨੇ ਵਿੱਚ ਹੋਵੇ। ਉਸ ਨੂੰ ਸ਼ਾਂਤ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੈ। ਕਿਉਂ! ਤੁਸੀਂ ਇਹ ਵੀ ਜਾਣਦੇ ਹੋ, ਗਵਰੀਲੋ ਮਾਤਵੇਇਚ; ਉਹ ਬੋਲ਼ਾ ਅਤੇ ਗੂੰਗਾ ਹੈ। ਕੰਧ ਉੱਤੇ ਧੱਬੇ ਵਾਂਗ ਅਹਿਸਾਸ ਤੋਂ ਕੋਰਾ ਹੈ। ਉਹ ਇਕ ਜੰਗਲੀ ਜਾਨਵਰ, ਇਕ ਬੁੱਤ, ਬੁੱਤ ਨਾਲੋਂ ਵੀ ਮਾੜਾ - ਸਰੂ ਦਾ ਰੁੱਖ। ਮੈਨੂੰ ਕਿਉਂ ਉਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਮੈਨੂੰ ਕਿਉਂ ਬਲੀ ਦਾ ਬੱਕਰਾ ਬਣਾਇਆ ਜਾਵੇ? ਬੇਸ਼ਕ, ਮੈਨੂੰ ਖ਼ੁਦ ਦੀ ਕੋਈ ਪਰਵਾਹ ਨਹੀਂ; ਮੈਂ ਘਸਿਆ ਹੋਇਆ ਅਤੇ ਖ਼ਤਮ ਹੋ ਚੁੱਕਾ ਆਦਮੀ ਹਾਂ, ਜ਼ਮਾਨਾ ਦੇਖ ਚੁੱਕਾ ਹਾਂ। ਲੁੱਕ ਦੇ ਢੋਲ ਵਾਂਗ ਚਿੱਬ-ਖੜਿੱਬਾ ਪਰ ਮੈਂ ਵੀ ਇਕ ਆਦਮੀ ਹਾਂ, ਗਵਰੀਲੋ ਮਾਤਵੇਇਚ, ਕੋਈ ਠੀਕਰ ਤਾਂ ਨਹੀਂ ਹਾਂ।"

"ਮੈਂ ਜਾਣਦਾ ਹਾਂ, ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ," ਗਵਰੀਲੋ ਨੇ ਕਿਹਾ, "ਆਪਣਾ ਭਾਸ਼ਣ ਬੰਦ ਕਰ।"

"ਓਏ ਮੇਰਿਆ ਰੱਬਾ!" ਜੋਸ਼ ਵਿੱਚ ਆ ਕੇ ਮੋਚੀ ਫਿਰ ਬੋਲਣ ਲੱਗਾ, "ਮੇਰੇ ਮੰਦੇਭਾਗਾਂ ਦਾ ਅੰਤ ਕਦੋਂ ਹੋਵੇਗਾ? ਮੇਰੇ ਨਾਲ ਕੀ ਕੀ ਨਹੀਂ ਹੋਇਆ! ਮੇਰੇ ਨਸੀਬਾਂ ਦੀ ਕਹਾਣੀ, ਜ਼ਰਾ ਸੋਚੋ! ਮੇਰੇ ਜਵਾਨੀ ਦੇ ਸਾਲਾਂ ਵਿਚ ਮੇਰਾ ਜਰਮਨ ਮਾਲਕ ਮੈਨੂੰ ਕੁੱਟਦਾ ਹੁੰਦਾ ਸੀ। ਮੇਰੇ ਜੀਵਨ ਦੇ ਸਭ ਤੋਂ ਵਧੀਆ ਸਾਲਾਂ ਵਿੱਚ ਮੇਰੇ ਭਰਾ ਮੈਨੂੰ ਖ਼ੂਬ ਮਾਰਦੇ; ਹੁਣ ਦੇਖੋ, ਆਪਣੀ ਪੱਕੀ ਉਮਰ ਵਿਚ ਮੇਰੀਆਂ ਸਾਰੀਆਂ ਸੇਵਾਵਾਂ ਲਈ ਮੇਰੇ ਨਸੀਬਾਂ ਵਿੱਚ ਕੀ ਇਨਾਮ ਰੱਖਿਆ ਹੈ! ਮੇਰਾ ਕੀ ਹਸ਼ਰ ਹੋਣ ਜਾ ਰਿਹਾ ਹੈ?"

"ਆਪਣੀ ਇਹ ਬਕਵਾਸ ਬੰਦ ਕਰ", ਗਵਰੀਲੋ ਨੇ ਕਿਹਾ, "ਗੰਦੀ ਆਤਮਾ !"

"ਮੈਂ ਕੀ ਬਕਵਾਸ ਕੀਤੀ ਹੈ, ਗਵਰੀਲੋ ਮਾਤਵੇ-

*ਕੁਜ਼ਮਾ ਮਿਨਿਨ ਨਿਜਨੀ ਨੋਵੋਗਰੋਦ ਦਾ ਇਕ ਤਕੜਾ ਦੇਸ਼ ਭਗਤ ਸੀ। ਉਸ ਨੇ ਆਪਣੇ ਦੇਸ਼ ਵਾਸੀਆਂ ਨੂੰ ਸਾਲ 1612 ਵਿੱਚ ਪੋਲਿਸ਼ ਅਤੇ ਸਵੀਡਿਸ਼ ਹਮਲਾਵਰਾਂ ਤੋਂ ਆਪ ਨੂੰ ਆਜ਼ਾਦ ਕਰਾਉਣ ਲਈ ਜ਼ੋਰਦਾਰ ਅਪੀਲਾਂ ਕਰਕੇ ਜੱਦੋਜਹਿਦ ਲਈ ਤਿਆਰ ਕੀਤਾ ਅਤੇ ਸਫ਼ਲਤਾ ਪ੍ਰਾਪਤ ਕੀਤੀ ਸੀ। ਉਸ ਦੀ ਦਖਲਅੰਦਾਜ਼ੀ ਰਾਹੀਂ ਪ੍ਰਿੰਸ ਦਮਿਤਰੀ ਮਿਖਾਓਲਿਵਿਚ ਪੋਜ਼ਾਰਸ਼ਕੀ ਨੂੰ ਰੂਸੀ ਫ਼ੌਜ ਦਾ ਆਗੂ ਨਿਯੁਕਤ ਕੀਤਾ ਗਿਆ ਸੀ ਅਤੇ ਪੋਲਾਂ ਨੂੰ ਹਰਾਇਆ ਜਿਨ੍ਹਾਂ ਨੇ ਮਾਸਕੋ ਨੂੰ ਘੇਰ ਪਾਇਆ ਹੋਇਆ ਸੀ। ਆਮ ਲੋਕਾਂ ਦੀ ਰਵਾਇਤ ਵਿਚ ਇਹ ਦੋਵੇਂ ਨਾਂ ਸ਼ਕਤੀਸ਼ਾਲੀ ਯੋਧਿਆਂ ਦੇ ਰੂਪ ਵਿਚ ਆਉਂਦੇ ਹਨ।--ਐਚ. ਜੀ.