ਪੰਨਾ:Mumu and the Diary of a Superfluous Man.djvu/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੂਮੂ

21

ਕਹਿੰਦੀ ਹੋਈ ਮੁਖੀਆ ਬਾਹਰ ਭੱਜ ਗਈ ਪਰ ਉਹ ਆਰਾਮ ਨਾਲ ਆਪਣੀ ਸੀਟ 'ਤੇ ਬੈਠ ਗਿਆ ਅਤੇ ਮੁੜ ਖਾਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਕੁਝ ਹੋਇਆ ਹੀ ਨਾ ਹੋਵੇ।

ਇਕ ਹੋਰ ਮੌਕੇ 'ਤੇ ਉਸ ਨੇ ਦੇਖਿਆ ਕਿ ਸੱਜਿਆ-ਧੱਜਿਆ ਕਪੀਤੋਨ, ਉਹੀ ਬੰਦਾ ਜਿਸ ਨਾਲ ਹੁਣ ਤਾਤਿਆਨਾ ਨੂੰ ਵਿਆਹੁਣਾ ਸੀ, ਕੁੜੀ ਨਾਲ ਗੱਲਾਂ ਕਰ ਰਿਹਾ ਸੀ ਤਾਂ ਉਸ ਨੇ ਆਪਣੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਬੁਲਾਇਆ। ਉਸ ਨੂੰ ਬਾਂਹ ਤੋਂ ਫੜ ਲਿਆ ਅਤੇ ਗੁਦਾਮ ਵਿਚ ਲੈ ਗਿਆ। ਇਕ ਹੱਥ ਨਾਲ ਉਸ ਨੂੰ ਫੜੀ ਰੱਖਿਆ ਅਤੇ ਦੂਜੇ ਨਾਲ ਇਕ ਡਾਂਗ ਚੁੱਕ ਲਈ ਤੇ ਮੋਚੀ ਦੇ ਮੂੰਹ ਅੱਗੇ ਹੌਲੀ-ਹੌਲੀ ਹਿਲਾਈ ਅਤੇ ਫਿਰ ਉਸ ਨੂੰ ਜਾਣ ਦਿੱਤਾ। ਉਸ ਸਮੇਂ ਤੋਂ ਬਾਅਦ ਕਿਸੇ ਨੇ ਵੀ ਤਾਤਿਆਨਾ ਨੂੰ ਪ੍ਰੇਸ਼ਾਨ ਕਰਨ ਦੀ ਹਿੰਮਤ ਨਹੀਂ ਕੀਤੀ ਅਤੇ ਗਰਾਸੀਮ ਨੂੰ ਆਪਣੀ ਕੁਰੱਖਤ ਕਾਰਵਾਈ 'ਤੇ ਕੋਈ ਪਛਤਾਵਾ ਨਹੀਂ ਸੀ। ਇਹ ਸੱਚ ਹੈ, ਖਾਣੇ ਦੇ ਮੇਜ਼ ਤੋਂ ਭੱਜ ਜਾਣ ਤੋਂ ਬਾਅਦ ਜਮਾਂਦਾਰਨੀ ਨੌਕਰਾਣੀਆਂ ਦੇ ਕਮਰੇ ਵਿੱਚ ਜਾ ਕੇ ਬੇਹੋਸ਼ ਹੋ ਗਈ ਸੀ ਅਤੇ ਉਸ ਨੇ ਇੰਨੀ ਕਲਾਕਾਰੀ ਨਾਲ ਇਸ ਗੱਲ ਨੂੰ ਅੱਗੇ ਸੁਣਾਇਆ ਕਿ ਗਰਾਸੀਮ ਦੀ ਕੀਤੀ ਹਰਕਤ ਦੀ ਖ਼ਬਰ ਉਸੇ ਦਿਨ ਹੀ ਮਾਲਕਣ ਦੇ ਕੰਨ ਤੱਕ ਪਹੁੰਚ ਗਈ ਪਰੰਤੂ ਮਾਲਕਣ ਇਸ ਘਟਨਾ 'ਤੇ ਖ਼ੂਬ ਜ਼ੋਰ ਜ਼ੋਰ ਨਾਲ ਹੱਸਣ ਲੱਗੀ। ਜਮਾਂਦਾਰਨੀ ਨੂੰ ਲੂਹ ਦੇਣ ਵਾਲੀ ਹੋਰ ਵੀ ਅਗਲੀ ਗੱਲ ਇਹ ਕਿ ਉਹ ਉਸ ਨੂੰ ਵਾਰ-ਵਾਰ ਪੁੱਛਣ ਲੱਗੀ ਕਿ ਕਿਸ ਤਰ੍ਹਾਂ ਉਸ ਗੂੰਗੇ ਬੋਲੇ ਨੇ ਉਸ ਦੇ ਸਿਰ 'ਤੇ ਆਪਣਾ ਭਾਰੀ ਹੱਥ ਰੱਖਿਆ ਸੀ ਅਤੇ ਦੱਬ ਕੇ ਇਸ ਨੂੰ ਮੇਜ਼ ਨਾਲ ਲਾ ਦਿੱਤਾ ਸੀ। ਅਗਲੇ ਦਿਨ ਮਾਲਕਣ ਨੇ ਗਰਾਸੀਮ ਨੂੰ ਇਕ ਚਾਂਦੀ ਦਾ ਰੂਬਲ ਇਨਾਮ ਭੇਜਿਆ।

ਦਰਅਸਲ, ਮਾਲਕਣ ਗਰਾਸੀਮ ਦੀ ਤਾਕਤ ਅਤੇ ਵਫ਼ਾਦਾਰੀ ਦੀ ਬੜੀ ਕਦਰ ਕਰਦੀ ਸੀ। ਦੂਜੇ ਪਾਸੇ, ਉਹ ਮਾਲਕਣ ਤੋਂ ਕੁਝ ਡਰਦਾ ਸੀ ਪਰ ਉਸ ਦੇ ਦਿਆਲੂ ਵਿਵਹਾਰ ਵਿਚ ਵਿਸ਼ਵਾਸ ਕਰਦਾ ਸੀ। ਇਹ ਸਭ ਸੰਕੇਤ ਦੱਸਦੇ ਸਨ ਕਿ ਉਸ ਨੇ ਤਾਤਿਆਨਾ ਨਾਲ ਵਿਆਹ ਦੀ ਮਨਜ਼ੂਰੀ ਲੈਣ ਆਪਣੇ ਆਪ ਨੂੰ ਤਿਆਰ ਕਰ ਰੱਖਿਆ ਸੀ। ਉਹ ਸ਼ਾਇਦ ਨਵੀਂ ਪੁਸ਼ਾਕ ਮਿਲ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਨਵੀਂ ਪੁਸ਼ਾਕ ਦਾ ਮੁਖ਼ਤਾਰ ਨੇ ਉਸ ਨਾਲ ਵਾਅਦਾ ਕੀਤਾ ਹੋਇਆ ਸੀ, ਤਾਂ ਕਿ ਉਹ ਮਾਲਕਣ ਦੇ ਸਾਹਮਣੇ ਸੋਹਣੇ ਕੱਪੜੇ ਪਹਿਨ ਕੇ ਪੇਸ਼ ਹੋਵੇ। ਬਦਕਿਸਮਤੀ ਨਾਲ ਮਾਲਕਣ ਨੇ ਲੜਕੀ ਦਾ ਕਪੀਤੋਨ ਨਾਲ ਵਿਆਹ ਕਰਨ ਦਾ ਮਨ ਬਣਾਇਆ ਹੋਇਆ ਸੀ।

ਹੁਣ ਪਾਠਕ ਨੂੰ ਇਹ ਸਮਝ ਆ ਸਕਦਾ ਹੈ ਕਿ ਮੁਖ਼ਤਾਰ ਮਾਲਕਣ ਨਾਲ ਗੱਲਬਾਤ ਕਰਨ ਦੇ ਬਾਅਦ ਇੰਨੀ ਪ੍ਰੇਸ਼ਾਨੀ ਕਿਉਂ ਮਹਿਸੂਸ ਕਰ ਰਿਹਾ ਸੀ? ਉਹ ਖਿੜਕੀ ਵਿੱਚ ਬੈਠ ਕੇ ਸੋਚਣ ਲੱਗਾ: