ਇੱਕ ਫ਼ਾਲਤੂ ਆਦਮੀ ਦੀ ਡਾਇਰੀ
129
ਮੇਰੇ ਮਾਸੂਮ ਕੁੱਤੇ? ਤੂੰ ਮੇਰੇ ਬਿਸਤਰ ਦੇ ਨਾਲ ਨਾਲ ਕਿਉਂ ਘਸਰਦਾ ਹੈ। ਆਪਣੀਆਂ ਉਦਾਸ ਅੱਖਾਂ ਨਾਲ ਮੇਰੇ ਵੱਲ ਟਿਕਟਿਕੀ ਲਗਾ ਝਾਕਦੇ ਹੋਏ ਆਪਣੀ ਪੂੰਛ ਦਾ ਚੌਰ ਏਨੀ ਬਿਹਬਲਤਾ ਨਾਲ ਕਿਉਂ ਹਿਲਾਉਂਦਾ ਹੈ? ਕੀ ਤੈਨੂੰ ਮੇਰੇ ਕਰਕੇ ਦੁੱਖ ਹੈ? ਕੀ ਤੈਨੂੰ ਮਹਿਸੂਸ ਹੋ ਰਿਹਾ ਹੈ ਜਾਂ ਪਤਾ ਹੈ ਕਿ ਹੁਣ ਤੇਰੇ ਮਾਲਿਕ ਨੇ ਹੋਰ ਸਮਾਂ ਨਹੀਂ ਰਹਿਣਾ? ਆਹ, ਜੇ ਮੈਂ ਆਪਣੀਆਂ ਸਾਰੀਆਂ ਯਾਦਾਂ ਆਪਣੇ ਮਨ ਵਿਚ ਦੀ ਲੰਘਾ ਸਕਦਾ, ਜਿਵੇਂ ਕਿ ਮੈਂ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ 'ਤੇ ਨਜ਼ਰ ਮਾਰ ਸਕਦਾ ਹਾਂ! ਮੈਂ ਜਾਣਦਾ ਹਾਂ ਕਿ ਉਹ ਸਭ ਯਾਦਾਂ ਅਜੀਬ ਅਤੇ ਮਾਮੂਲੀ ਜਿਹੀਆਂ ਹਨ ਪਰ ਮੇਰੇ ਕੋਲ ਹੋਰ ਕੋਈ ਹੈ ਹੀ ਨਹੀਂ। ਸਭ ਉਦਾਸੀ ਹੈ। ਲੀਜ਼ਾ ਦੇ ਕਹਿਣ ਵਾਂਗ "ਇਕ ਅੰਤਹੀਣ ਸੱਖਣਾਪਣ।"
ਹਾਏ ਓ ਮੇਰਿਆ ਰੱਬਾ! ਹੁਣ ਮੈਂ ਮਰ ਰਿਹਾ ਹਾਂ! ਇਕ ਦਿਲ ਜੋ ਪਿਆਰ ਕਰਨ ਦੇ ਸਮਰੱਥ ਹੈ ਅਤੇ ਕਰਨਾ ਚਾਹੁੰਦਾ ਹੈ... ਜਲਦੀ ਹੀ ਧੜਕਣਾ ਬੰਦ ਕਰ ਦੇਵੇਗਾ! ਅਤੇ ਕੀ ਇਹ ਸੱਚਮੁਚ, ਖੁਸ਼ੀ ਦੇ ਪਿਆਲੇ ਵਿਚੋਂ ਇਕ ਬੂੰਦ ਵੀ ਚੱਖਣ ਦੇ ਬਿਨਾਂ ਪਿਆਰ ਦੇ ਮਿੱਠੇ ਸੁਆਸ 'ਤੇ ਸ਼ਰਸਾਰ ਹੋਣ ਦੇ ਬਿਨਾਂ, ਇਸੇ ਤਰ੍ਹਾਂ ਹਮੇਸ਼ਾ ਲਈ ਚੁੱਪ ਹੋ ਜਾਵੇਗਾ? ਹਾਏ, ਇਹ ਅਸੰਭਵ ਹੈ, ਮੈਨੂੰ ਪਤਾ ਹੈ! ਜੇ ਹੁਣ ਮੇਰੀ ਮੌਤ ਤੋਂ ਪਹਿਲਾਂ (ਕਿਉਂ ਜੋ ਮੌਤ ਆਖ਼ਿਰ ਇਕ ਪਵਿੱਤਰ ਚੀਜ਼ ਹੁੰਦੀ ਹੈ। ਇਹ ਕਿਸੇ ਵੀ ਜੀਵ ਨੂੰ ਉਚਿਆ ਦਿੰਦੀ ਹੈ) - ਕੋਈ ਉਦਾਸ, ਪਿਆਰੀ ਅਤੇ ਦੋਸਤਾਨਾ ਆਵਾਜ਼ ਮੇਰੀ ਉਦਾਸ ਕਿਸਮਤ ਬਾਰੇ ਕੋਈ ਅਲਵਿਦਾਈ ਦਾ ਗੀਤ ਗਾ ਦਿੰਦੀ। ਫਿਰ ਵੀ ਹੋ ਸਕਦਾ ਸੀ, ਇਸ ਨਾਲ ਮੈਨੂੰ ਸਕੂਨ ਮਿਲ ਜਾਂਦਾ ਪਰ ਇਸ ਤਰ੍ਹਾਂ ਦੀ ਨਮੋਸ਼ੀ ਅਤੇ ਮੂਰਖ਼ਤਾ ਭਰੀ ਮੌਤ ਮਰਨਾ!
ਮੈਨੂੰ ਲੱਗਦਾ ਹੈ ਕਿ ਮੈਂ ਹੁਣੇ ਅਵਾ-ਤਵਾ ਬੋਲ ਰਿਹਾ ਸੀ। ਅਲਵਿਦਾ, ਜ਼ਿੰਦਗੀ! ਅਲਵਿਦਾ, ਮੇਰੇ ਬਾਗ! ਅਤੇ ਤੁਸੀਂ, ਮੇਰੇ ਖੱਟੇ ਦੇ ਰੁੱਖੋ ਜਦੋਂ ਗਰਮੀ ਆਵੇ ਆਪਣੇ ਆਪ ਨੂੰ ਉੱਪਰ ਤੋਂ ਥੱਲੇ ਤਕ ਹਰਿਆਵਲ ਅਤੇ ਫੁੱਲਾਂ ਨਾਲ ਲੱਦੇ ਜਾਣ ਤੋਂ ਖੁੰਝ ਨਹੀਂ ਜਾਣਾ ਤਾਂ ਜੋ ਲੋਕ ਤੁਹਾਡੀ ਠੰਡੀ ਛਾਂ ਵਿਚ ਆਰਾਮ ਕਰ ਸਕਣ। ਤੁਹਾਡੀ ਖ਼ੁਸ਼ਬੂ ਨੂੰ ਅੰਦਰ ਲਿਜਾ ਸਕਣ ਅਤੇ ਤੁਹਾਡੇ ਪੱਤਿਆਂ ਦੀ ਸਰਸਰ ਨੂੰ ਸੁਣ ਸਕਣ। ਅਲਵਿਦਾ, ਅਲਵਿਦਾ ਹਮੇਸ਼ਾ ਲਈ! ਅਲਵਿਦਾ, ਲੀਜ਼ਾ!
ਮੈਂ ਆਖ਼ਰੀ ਦੋ ਸ਼ਬਦ ਲਿਖੇ ਅਤੇ ਲਗਪਗ ਮੇਰਾ ਹਾਸਾ ਫੁੱਟ ਨਿਕਲਿਆ। ਇਕ ਮੰਚ ਕਿਲਕਾਰੀ! ਮੈਂ ਆਪਣੇ ਆਪ ਨੂੰ ਇੰਝ ਵੇਖਦਾ ਹਾਂ ਜਿਵੇਂ ਕਿ ਮੈਂ ਇਕ ਭਾਵਨਾਤਮਕ ਕਹਾਣੀ ਜਾਂ ਇਕ ਹਤਾਸ਼ ਸੁਨੇਹਾ ਲਿਖ ਰਿਹਾ ਹੋਵਾਂ। ਕੱਲ੍ਹ ਪਹਿਲੀ ਅਪ੍ਰੈਲ ਹੈ। ਕੀ ਮੈਂ ਅਸਲ ਵਿਚ ਕੱਲ੍ਹ ਨੂੰ ਮਰਾਂਗਾ? ਇਹ ਬਹੁਤ ਬੇਇੱਜ਼ਤੀ ਭਰੀ ਮੌਤ ਜਾਪਦੀ ਹੈ ਭਾਵੇਂ ਇਹ ਮੇਰੇ ਚਰਿੱਤਰ ਦੇ ਨਾਲ ਮੇਲ ਖਾਂਦੀ ਹੈ।
ਅੱਜ ਡਾਕਟਰ ਕਿੰਨਾ ਉਤੇਜਿਤ ਸੀ।