126
ਇੱਕ ਫ਼ਾਲਤੂ ਆਦਮੀ ਦੀ ਡਾਇਰੀ
"ਤੇ ਗੱਲ ਕਰੋ, ਐਲਿਜ਼ਾਬੈਥ ਕਿਰੀਲੋਵਨਾ, ਬੋਲਦੇ ਰਹੋ। ਰੱਬ ਦੀ ਰਹਿਮਤ ਹੋਵੇ, ਤੁਸੀਂ ਕਿਵੇਂ ਸੋਚ ਲਿਆ ਕਿ ਇਹ ਮੇਰੇ ਲਈ ਮੁਸ਼ਕਿਲ ਹੈ?"
ਲੀਜ਼ਾ ਨੇ ਉਸ ਦਾ ਹੱਥ ਘੁੱਟ ਲਿਆ।
"ਤੁਸੀਂ ਬਹੁਤ ਹੀ ਦਿਆਲੂ ਹੋ, ਬਿਜ਼ਮਨਕੋਫ, ਤੁਸੀਂ ਇਕ ਫਰਿਸ਼ਤੇ ਵਾਂਗ ਹੋ। ਮੈਂ ਕੀ ਕਰਾਂ? ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਉਨ੍ਹਾਂ ਨੂੰ ਆਪਣੀ ਸਾਰੀ ਜ਼ਿੰਦਗੀ ਪਿਆਰ ਕਰਦੀ ਰਹਾਂਗੀ। ਮੈਂ ਉਨ੍ਹਾਂ ਨੂੰ ਖ਼ਿਮਾ ਕਰ ਦਿੱਤਾ। ਨਹੀਂ, ਮੈਂ ਉਨ੍ਹਾਂ ਦੀ ਧੰਨਵਾਦੀ ਹਾਂ, ਮੈਂ ਉਨ੍ਹਾਂ ਨੂੰ ਅਸੀਸ ਦਿੰਦੀ ਹਾਂ। ਰੱਬ ਉਨ੍ਹਾਂ ਨੂੰ ਹਾਣ ਦੀ, ਮਨਭਾਉਂਦੀ ਪਤਨੀ ਦੇ ਕੇ ਉਨ੍ਹਾਂ ਨੂੰ ਪ੍ਰਸੰਨਤਾ ਬਖਸ਼ੇ।" ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। "ਸਿਰਫ਼ ਉਹ ਮੈਨੂੰ ਭੁੱਲ ਨਾ ਜਾਣ, ਉਹ ਕਦੇ-ਕਦੇ ਆਪਣੀ ਗ਼ਰੀਬ, ਬੇਸਹਾਰਾ ਲੀਜ਼ਾ ਬਾਰੇ ਸੋਚ ਲਿਆ ਕਰਨ। ਹੁਣ ਆਪਾਂ ਇੱਥੋਂ ਬਾਹਰ ਚੱਲੀਏ," ਉਸ ਨੇ ਥੋੜ੍ਹਾ ਰੁਕ ਕੇ ਕਿਹਾ।
ਬਿਜ਼ਮਨਕੋਫ ਨੇ ਉਸ ਦਾ ਹੱਥ ਚੁੰਮਿਆ।
"ਮੈਂ ਜਾਣਦੀ ਹਾਂ," ਉਹ ਦੁਬਾਰਾ ਗਰਮਜੋਸ਼ੀ ਨਾਲ ਗੱਲਾਂ ਕਰਨ ਲੱਗੀ, "ਹੁਣ ਹਰ ਕੋਈ ਮੇਰੇ ਵਿਰੁੱਧ ਬੋਲਦਾ ਹੈ। ਉਹ ਸਾਰੇ ਮੇਰੇ ਉੱਪਰ ਪੱਥਰ ਸੁੱਟ ਰਹੇ ਹਨ, ਉਨ੍ਹਾਂ ਨੂੰ ਸੁੱਟਣ ਦਿਓ। ਮੈਂ ਉਨ੍ਹਾਂ ਕਰਕੇ ਬਦਲਣ ਨਹੀਂ ਲੱਗੀ।। ਮੈਂ ਉਨ੍ਹਾਂ ਦੀ ਖੁਸ਼ੀ ਲਈ ਆਪਣੀ ਬਦਕਿਸਮਤੀ ਨੂੰ ਤਿਲਾਂਜਲੀ ਨਹੀਂ ਦੇਣ ਲੱਗੀ। ਉਸ ਨੇ ਮੈਨੂੰ ਪਿਆਰ ਕੀਤਾ, ਥੋੜ੍ਹੇ ਸਮੇਂ ਲਈ ਹੀ ਸਹੀ। ਇਹ ਸੱਚ ਹੈ ਪਰ ਉਹ ਮੈਨੂੰ ਪਿਆਰ ਕਰਦਾ ਸੀ। ਉਸ ਨੇ ਕਦੇ ਵੀ ਮੇਰੇ ਨਾਲ ਧੋਖਾ ਨਹੀਂ ਕੀਤਾ। ਉਸ ਨੇ ਕਦੇ ਵੀ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਨਹੀਂ ਕੀਤਾ ਅਤੇ ਮੈਂ ਵੀ ਕਦੇ ਉਸ ਤੋਂ ਇਹ ਉਮੀਦ ਨਹੀਂ ਕੀਤੀ ਸੀ। ਇਹ ਸਿਰਫ਼ ਮੇਰੇ ਗ਼ਰੀਬ ਪਿਤਾ ਸਨ ਜੋ ਅਜਿਹੀ ਉਮੀਦ ਰੱਖਦੇ ਸਨ। ਨਾ ਹੁਣ ਮੈਂ ਬਹੁਤ ਉਦਾਸ ਹੀ ਹਾਂ। ਮੇਰੇ ਲਈ ਘੱਟੋ-ਘੱਟ ਯਾਦਾਂ ਬਾਕੀ ਰਹਿ ਗਈਆਂ ਹਨ ਭਾਵੇਂ ਨਤੀਜੇ ਕਿੰਨੇ ਵੀ ਭਿਆਨਕ ਹੋਣ। ਇੱਥੇ ਬਹੁਤ ਘੁਟਣ ਜਿਹੀ ਹੈ। ਉਸ ਨੂੰ ਮੈਂ ਪਿਛਲੀ ਵਾਰ ਇੱਥੇ ਵੇਖਿਆ। ਮੇਰੇ ਨਾਲ ਸੱਜਰੀ ਹਵਾ ਵਿਚ ਬਾਹਰ ਆ ਜਾਓ।"
ਉਹ ਆਪਣੀਆਂ ਸੀਟਾਂ ਤੋਂ ਉੱਠ ਪਏ। ਮੈਂ ਫਿਰ ਇਕ ਖੱਟੇ ਦੇ ਰੁੱਖ ਦੇ ਪਿੱਛੇ ਛੁਪ ਗਿਆ। ਉਹ ਉੱਥੋਂ ਚੱਲੇ ਗਏ ਅਤੇ ਜਿੰਨਾ ਕੁ ਮੈਂ ਪੱਤਿਆਂ ਦੇ ਖੜਾਕ ਤੋਂ ਅਨੁਮਾਨ ਲਾ ਸਕਦਾ ਸੀ। ਉਹ ਬੂਟਿਆਂ ਦੇ ਵਿਚ ਚਲੇ ਗਿਆ। ਇਕ ਅਕਹਿ ਅਚੰਭਾ ਮੇਰੇ 'ਤੇ ਹਾਵੀ ਹੋ ਗਿਆ। ਮੈਂ ਕੁਝ ਸਮੇਂ ਲਈ ਇਕ ਬੁੱਤ ਵਾਂਗ ਖੜ੍ਹਾ ਰਿਹਾ। ਅਚਾਨਕ ਮੈਂ ਖੜਾਕ ਸੁਣਿਆ ਕਿ ਉਹ ਫਿਰ ਆ ਰਹੇ ਸਨ। ਮੈਂ ਪੱਤਿਆਂ ਨਾਲ ਭਰੀਆਂ ਟਹਿਣੀਆਂ ਦੇ ਵਿਚ ਦੀ ਧਿਆਨ ਨਾਲ ਵੇਖਿਆ। ਉਹ ਦੋਵੇਂ ਥੋੜ੍ਹਾ ਪਰੇਸ਼ਾਨ ਲੱਗ ਰਹੇ ਸਨ, ਖ਼ਾਸ ਕਰ ਬਿਜ਼ਮਨਕੋਫ। ਉਹ ਰੋ ਰਿਹਾ ਸੀ। ਲੀਜ਼ਾ