ਪੰਨਾ:Mumu and the Diary of a Superfluous Man.djvu/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

124

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਅਤੇ ਸੁਣਨਾ ਸ਼ੁਰੂ ਕੀਤਾ। ਦੂਰ ਤੋਂ ਦੋ ਖੜਾਕੇ ਸੁਣੇ ਗਏ ਸਨ। ਲੀਜ਼ਾ ਨੇ ਜਵਾਬ ਵਜੋਂ ਤਾੜੀ ਵਜਾਈ। ਬਾਗ਼ ਦੇ ਪਿਛਵਾੜੇ ਵਾਲੇ ਗੇਟ ਦੀ ਚਿਰਰ ਚਿਰਰ ਹੋਈ। ਖੱਟਿਆਂ ਦੇ ਝੁੰਡ ਵਿਚੋਂ ਹਲਕਾ ਜਿਹਾ ਖੜਾਕ ਹੋਇਆ ਅਤੇ ਬਿਜ਼ਮਨਕੋਫ ਤੁਰਿਆ ਆਉਂਦਾ ਵਿਖਾਈ ਦਿੱਤਾ। ਮੈਂ ਇਕ ਦਰੱਖ਼ਤ ਦੇ ਪਿੱਛੇ ਲੁਕ ਗਿਆ। ਲੀਜ਼ਾ ਚੁੱਪਚਾਪ ਇਸ ਨਵੇਂ ਆਏ ਸੱਜਣ ਕੋਲ ਚਲੀ ਗਈ। ਉਸ ਨੇ ਲੀਜ਼ਾ ਦੀ ਬਾਂਹ ਵਿਚ ਬਾਂਹ ਪਾ ਲਈ ਅਤੇ ਉਹ ਡੰਡੀ-ਡੰਡੀ ਤੁਰ ਪਏ। ਮੈਂ ਹੈਰਾਨ ਹੋਇਆ ਉਨ੍ਹਾਂ ਨੂੰ ਵੇਖਦਾ ਰਿਹਾ। ਉਹ ਰੁਕੇ, ਆਲੇ-ਦੁਆਲੇ ਵੇਖਿਆ ਅਤੇ ਝਾੜਾਂ ਦੇ ਬਣੇ ਘਰ ਵਿਚ ਵੜ ਗਏ।

ਇਹ ਘਰ ਲੱਠਾਂ ਦਾ ਬਣਿਆਂ ਛੋਟਾ ਜਿਹਾ ਗੋਲ-ਮਟੋਲ ਢਾਂਚਾ ਸੀ ਜਿਸ ਦੇ ਇਕ ਪਾਸੇ ਬੂਹਾ ਸੀ ਤੇ ਦੂਜੇ ਪਾਸੇ ਨਿੱਕੀ ਜਿਹੀ ਬਾਰੀ। ਇਸ ਦੇ ਵਿਚਕਾਰ ਇਕ ਮੇਜ਼ ਸੀ ਜਿਸ ਦੇ ਨੇੜੇ ਕੰਧ ਤੋਂ ਕੁਝ ਹੱਟਵੇਂ ਦੋ ਅਨਘੜ ਜਿਹੇ ਬੈਂਚ ਸਨ। ਹਰ ਚੀਜ਼ ਧੂੜ ਨਾਲ ਭਰੀ ਪਈ ਸੀ। ਕੰਧਾਂ ਸਿੱਲੀਆਂ ਲੱਗਦੀਆਂ ਸਨ ਅਤੇ ਮੇਜ਼ ਦੇ ਫੱਟਿਆਂ ਦੀਆਂ ਵਿੱਥਾਂ ਵਿਚ ਕੁਝ ਘਾਹ ਦੀਆਂ ਪੱਤੀਆਂ ਵੀ ਉੱਗ ਆਈਆਂ ਸਨ। ਸ਼ਾਇਦ ਸਾਲ ਵਿਚ ਇਕ ਜਾਂ ਦੋ ਵਾਰ, ਬਹੁਤ ਹੀ ਲੋਹੜੇ ਦੀ ਗਰਮੀ ਦੇ ਦਿਨ, ਪਰਿਵਾਰ ਇਸ ਖੁੱਲ੍ਹੇ ਕਮਰੇ ਦੀ ਠੰਡਕ ਵਿਚ ਚਾਹ ਪੀਆ ਕਰਦਾ ਸੀ ਜੋ ਕਿ ਬਹੁਤ ਹੀ ਨਜ਼ਰਅੰਦਾਜ਼ ਕੀਤੀ ਸਥਿਤੀ ਵਿਚ ਸੀ। ਦਰਵਾਜ਼ਾ ਬੰਦ ਨਹੀਂ ਹੁੰਦਾ ਸੀ ਅਤੇ ਛੋਟੀ ਜਿਹੀ ਖਿੜਕੀ ਦਾ ਪੱਲਾ ਇਕ ਚੂਲ 'ਤੇ ਅਟਕਿਆ ਹੋਇਆ ਸੀ। ਕਿਸੇ ਬੀਮਾਰ ਪੰਛੀ ਦੇ ਟੁੱਟੇ ਹੋਏ ਖੰਭ ਵਾਂਗ ਉਦਾਸ ਜਾਪਦਾ ਸੀ। ਮੈਂ ਚੋਰੀ-ਚੋਰੀ ਇਸ ਘਰੌਂਦੇ ਕੋਲ ਗਿਆ ਅਤੇ ਖਿੜਕੀ ਵਿਚੋਂ ਦੇਖਿਆ। ਲੀਜ਼ਾ ਇਕ ਬੈਂਚ 'ਤੇ ਬੈਠ ਗਈ ਸੀ। ਉਸ ਦਾ ਸਿਰ ਮਗਰ ਨੂੰ ਢਿਲਕਿਆ ਹੋਇਆ ਸੀ। ਉਸ ਦਾ ਸੱਜਾ ਹੱਥ ਲੀਜ਼ਾ ਦੀ ਗੋਦ ਵਿਚ ਬੇਪਰਵਾਹ ਪਿਆ ਸੀ। ਬਿਜ਼ਮਨਕੋਫ ਦੋਹਾਂ ਹੱਥਾਂ ਵਿਚ ਉਸ ਦਾ ਖੱਬਾ ਹੱਥ ਫੜੀ ਉਸ ਦੇ ਨੇੜੇ ਬੈਠਾ ਸੀ ਅਤੇ ਪਿਆਰ ਨਾਲ ਉਸ ਦੇ ਚਿਹਰੇ ਵੱਲ ਤਕ ਰਿਹਾ ਸੀ।

"ਤੁਸੀਂ ਅੱਜ ਕਿਵੇਂ ਮਹਿਸੂਸ ਕਰਦੇ ਹੋ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਬਹੁਤ ਹੀ ਹੌਲੀ ਆਵਾਜ਼ ਵਿਚ ਪੁੱਛਿਆ।

"ਬਸ ਪਹਿਲਾਂ ਵਰਗਾ,"ਉਸ ਨੇ ਜਵਾਬ ਦਿੱਤਾ, "ਨਾ ਤਾਂ ਵਧੀਆ ਅਤੇ ਨਾ ਹੀ ਬਹੁਤ ਬੁਰਾ। ਖ਼ਾਲੀਪਣ, ਭਿਆਨਕ ਖ਼ਾਲੀਪਣ!" ਉਦਾਸ ਨਿਗਾਹਾਂ ਉੱਪਰ ਚੁੱਕਦਿਆਂ ਉਸ ਨੇ ਕਿਹਾ।

ਬਿਜ਼ਮਨਕੋਫ ਨੇ ਮੁੜ ਕੋਈ ਟਿੱਪਣੀ ਨਹੀਂ ਕੀਤੀ।

"ਤੁਸੀਂ ਕੀ ਸੋਚਦੇ ਹੋ, ਬਿਜ਼ਮਨਕੋਫ?" ਉਸ ਨੇ ਅੱਗੇ ਕਿਹਾ, "ਕੀ ਉਹ ਮੈਨੂੰ ਇਕ ਹੋਰ ਪੱਤਰ ਲਿਖੇਗਾ?"