ਪੰਨਾ:Mumu and the Diary of a Superfluous Man.djvu/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

122

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਓਜੋਗਿਨਾਂ ਨਾਲ ਨਵੇਂ ਸਿਰੇ ਤੋਂ ਨੇੜਤਾ ਕਰਨ ਦੇ ਬਾਅਦ ਮੈਂ ਦੁੱਖਦਾਈ ਵਿਚਾਰਾਂ ਅਤੇ ਭਾਵਨਾਵਾਂ ਦੀ, ਨਵੇਂ ਕੀਤੇ ਫ਼ੈਸਲਿਆਂ ਅਤੇ ਮੇਰੇ ਹੰਢਾਏ ਮਾਨਸਿਕ ਸੰਘਰਸ਼ ਦੇ ਦੂਜੇ ਨਤੀਜਿਆਂ ਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਲੀਜ਼ਾ ਨੂੰ ਪ੍ਰਿੰਸ ਨਾਲ ਪਿਆਰ ਸੀ ਅਤੇ ਪਿਆਰ ਕਰਦੀ ਰਹੇਗੀ। ਐਸੇ ਵਿਅਕਤੀ ਦੇ ਤੌਰ 'ਤੇ ਜਿਸ ਨੂੰ ਹਾਲਾਤ ਨੇ ਬੇਇੱਜ਼ਤ ਕੀਤਾ ਸੀ ਅਤੇ ਜਿਸ ਨੇ ਕਿਸਮਤ ਅੱਗੇ ਝੁਕ ਜਾਣਾ ਸਿੱਖ ਲਿਆ ਸੀ। ਮੈਂ ਵੀ ਲੀਜ਼ਾ ਦੇ ਪਿਆਰ ਦਾ ਪਾਤਰ ਬਣਨ ਲਈ ਕੋਈ ਸੁਪਨਾ ਨਹੀਂ ਵੇਖਦਾ ਸੀ। ਮੇਰਾ ਦਿਲ ਸਿਰਫ਼ ਉਸ ਦੀ ਦੋਸਤੀ ਲਈ ਤਰਸਦਾ ਸੀ। ਮੈਂ ਉਸ ਦਾ ਵਿਸ਼ਵਾਸ ਅਤੇ ਸਤਿਕਾਰ ਹਾਸਿਲ ਕਰਨਾ ਚਾਹੁੰਦਾ ਸੀ ਜਿਨ੍ਹਾਂ ਬਾਰੇ ਕਹਿੰਦੇ ਹਨ ਕਿ ਇਹ ਦੋਨੋਂ ਵਿਵਾਹਿਤ ਜੀਵਨ ਨੂੰ ਸਹਾਰਾ ਦੇਣ ਵਾਲੇ ਸਭ ਤੋਂ ਮਜ਼ਬੂਤ ​​ਥੰਮ੍ਹ ਹਨ ਪਰ, ਬਦਕਿਸਮਤੀ ਨਾਲ ਇਕ ਪ੍ਰਮੁੱਖ ਗੱਲ ਮੇਰੇ ਧਿਆਨ ਵਿਚ ਨਹੀਂ ਰਹੀ ਸੀ। ਲੀਜ਼ਾ ਪ੍ਰਿੰਸ ਨਾਲ ਮੇਰੇ ਦਵੰਧ ਯੁੱਧ ਤੋਂ ਬਾਅਦ ਮੇਰੀ ਸੂਰਤ ਦੇਖਣਾ ਸਹਿਣ ਨਹੀਂ ਕਰ ਸਕਦੀ ਸੀ। ਇਸ ਬਾਰੇ ਮੈਨੂੰ ਬਹੁਤ ਦੇਰ ਨਾਲ ਪਤਾ ਚੱਲਿਆ।

ਮੈਂ ਦੁਬਾਰਾ ਓਜੋਗਿਨਾਂ ਦੇ ਜਾਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਓਜੋਗਿਨ ਮੇਰੇ ਨਾਲ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ। ਉਸ ਨੇ ਮੇਰੇ ਨਾਲ ਪਹਿਲਾਂ ਨਾਲੋਂ ਵੀ ਗੂੜ੍ਹੀ ਦੋਸਤੀ ਕਰ ਲਈ। ਮੇਰੇ ਕੋਲ ਇਹ ਵਿਸ਼ਵਾਸ ਕਰਨ ਦੇ ਚੰਗੇ ਕਾਰਨ ਸਨ ਕਿ ਉਹ ਆਪਣੀ ਧੀ ਨਾਲ ਮੇਰੇ ਵਿਆਹ ਕਰਵਾਉਣ ਨੂੰ ਆਪਣੀ ਸਹਿਮਤੀ ਦੇ ਕੇ ਬਹੁਤ ਖ਼ੁਸ਼ੀ ਮਹਿਸੂਸ ਕਰਦਾ ਹਾਲਾਂਕਿ ਮੈਂ ਬਹੁਤਾ ਵਧੀਆ ਵਰ ਨਹੀਂ ਸੀ। ਲੋਕ ਰਾਇ ਉਸ ਦੇ ਤੇ ਲੀਜ਼ਾ ਦੇ ਵਿਰੁੱਧ ਸੀ ਅਤੇ ਮੇਰੇ ਪੱਖ ਵਿਚ ਬਹੁਤ ਉਲਾਰ ਸੀ। ਮੇਰੇ ਪ੍ਰਤੀ ਲੀਜ਼ਾ ਦਾ ਵਤੀਰਾ ਨਹੀਂ ਬਦਲਿਆ। ਉਹ ਜ਼ਿਆਦਾਤਰ ਚੁੱਪ ਰਹਿੰਦੀ ਸੀ ਅਤੇ ਠਰੰਮ੍ਹੇ ਨਾਲ ਹਰ ਚੀਜ਼ ਕਰਦੀ ਜੋ ਉਸ ਨੂੰ ਕਰਨ ਦੀ ਲੋੜ ਸੀ। ਉਸ ਨੇ ਅੰਦਰ ਪਲ ਰਹੀ ਮੁਸੀਬਤ ਦਾ ਕੋਈ ਅਤਾ-ਪਤਾ ਨਹੀਂ ਲੱਗਣ ਦਿੱਤਾ ਪਰ ਉਸ ਦੀ ਹਾਲਤ ਹਰ ਰੋਜ਼ ਬਦਤਰ ਹੁੰਦੀ ਅਤੇ ਚਿੰਤਾ ਦੇ ਨਿਸ਼ਾਨ ਹੋਰ ਗੂੜ੍ਹੇ ਹੋ ਗਏ ਨਜ਼ਰ ਆਉਂਦੇ। ਸ਼੍ਰੀਮਾਨ ਓਜੋਗਿਨ ਬਾਰੇ ਇਹ ਦੱਸਣਾ ਇਨਸਾਫ਼ ਦਾ ਤਕਾਜ਼ਾ ਹੈ ਕਿ ਉਹ ਉਸ ਨਾਲ ਬਹੁਤ ਹੀ ਪ੍ਰੇਮ ਨਾਲ ਪੇਸ਼ ਆਉਂਦਾ ਸੀ। ਸ਼੍ਰੀਮਤੀ ਓਜੋਗਿਨ ਹਰ ਵਾਰ ਆਪਣੀ ਪਿਆਰੀ ਧੀ ਨੂੰ ਵੇਖ ਕੇ ਹਮੇਸ਼ਾ ਇਕ ਡੂੰਘਾ ਹਾਉਕਾ ਭਰਦੀ। ਕੇਵਲ ਇਕ ਵਿਅਕਤੀ ਸੀ ਜਿਸ ਨੂੰ ਲੀਜ਼ਾ ਦੁਰਕਾਰਦੀ ਨਹੀਂ ਸੀ ਭਾਵੇਂ ਉਸ ਨੂੰ ਵੀ ਉਹ ਗੱਲਬਾਤ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਕਰਦੀ ਸੀ ਅਤੇ ਉਹ ਵਿਅਕਤੀ ਬਿਜ਼ਮਨਕੋਫ ਸੀ। ਬਜ਼ੁਰਗ ਓਜੋਗਿਨ ਉਸ ਨਾਲ ਰੁੱਖ਼ਾ ਹੀ ਨਹੀਂ, ਸਗੋਂ ਅੱਖੜ ਸਲੂਕ ਕਰਦੇ। ਉਹ ਪ੍ਰਿੰਸ ਨਾਲ ਮੇਰੇ ਦਵੰਧ-ਯੁੱਧ ਵਿਚ ਉਸ ਵੱਲੋਂ ਪ੍ਰਿੰਸ ਦਾ ਦੂਜਾ ਬਣਨਾ ਚੰਗਾ ਨਹੀਂ ਸੀ ਲੱਗਿਆ ਅਤੇ ਉਸ ਨੂੰ ਮੁਆਫ਼ ਨਹੀਂ ਕਰ ਸਕੇ ਸਨ ਪਰ ਉਹ ਉਨ੍ਹਾਂ ਦੇ ਅੱਖੜਪੁਣੇ ਨੂੰ ਨਜ਼ਰਅੰਦਾਜ਼ ਕਰਦਾ ਜਾਪਦਾ ਸੀ।