ਪੰਨਾ:Mumu and the Diary of a Superfluous Man.djvu/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

121

ਬੜੇ ਆਰਾਮ ਨਾਲ ਹੱਸਣਾ ਸ਼ੁਰੂ ਕਰ ਦਿੱਤਾ ਅਤੇ ਲਾਪਰਵਾਹੀ ਨਾਲ ਕਿਹਾ, "ਕੀ ਇਹ ਤੁਸੀਂ ਹੋ?" ਫਿਰ ਦੂਜੇ ਪਾਸੇ ਵੱਲ ਮੂੰਹ ਫੇਰ ਲਿਆ। ਇਹ ਸੱਚ ਹੈ ਕਿ ਉਸ ਦੀ ਹਾਸੀ ਸੁਭਾਵਿਕ ਨਹੀਂ ਸੀ, ਸਗੋਂ ਧੱਕੇ ਨਾਲ ਲਿਆਂਦੀ ਗਈ ਸੀ। ਇਹ ਕਿਸੇ ਵੀ ਤਰੀਕੇ ਉਸ ਦੇ ਲਮਕੇ ਹੋਏ ਚਿਹਰੇ ਨਾਲ ਮੇਲ ਨਹੀਂ ਖਾਂਦੀ ਸੀ ਪਰ ਮੈਨੂੰ ਉਸ ਕੋਲੋਂ ਅਜਿਹੇ ਸਲੂਕ ਦੀ ਆਸ ਨਹੀਂ ਸੀ।

ਮੈਂ ਉਸ ਵੱਲ ਹੈਰਾਨੀ ਨਾਲ ਦੇਖਿਆ। ਉਸ ਦੀ ਸਾਰੀ ਦਿੱਖ ਕਿੰਨੀ ਬਦਲ ਗਈ ਸੀ! ਮੈਨੂੰ ਪਤਾ ਲੱਗ ਗਿਆ ਸੀ ਕਿ ਕੁਝ ਹਫ਼ਤੇ ਪਹਿਲਾਂ ਮੈਨੂੰ ਮਿਲੀ ਇਕ ਨਿਰੋਲ ਬੱਚੀ ਅਤੇ ਹੁਣ ਮੇਰੇ ਸਾਹਮਣੇ ਖੜ੍ਹੀ ਔਰਤ ਦੇ ਵਿਚ ਕੀ ਫ਼ਰਕ ਸੀ! ਇੰਝ ਜਾਪਦਾ ਸੀ ਜਿਵੇਂ ਉਹ ਵੱਡੀ ਅਤੇ ਲੰਮੀ ਹੋ ਗਈ ਸੀ। ਉਸ ਦੇ ਚਿਹਰੇ ਦੀਆਂ, ਖ਼ਾਸ ਕਰਕੇ ਉਸ ਦੇ ਬੁੱਲ੍ਹਾਂ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ। ਉਸ ਦੀ ਤੱਕਣੀ ਹੋਰ ਗਹਿਰੀ, ਕਠੋਰ ਹੋ ਗਈ ਸੀ। ਉਸ ਦੇ ਹਾਵ-ਭਾਵ ਉਦਾਸ ਅਤੇ ਤੀਖ਼ਣ ਹੋ ਗਏ ਸਨ। ਮੈਂ ਓਜੋਗਿਨਾਂ ਕੋਲ ਰਾਤ ਦੇ ਖਾਣੇ, ਦੇ ਸਮੇਂ ਤਕ ਰਿਹਾ। ਉਹ ਬਹੁਤ ਸ਼ਾਂਤ ਕਮਰੇ ਵਿਚ ਆਉਂਦੀ ਤੇ ਬਾਹਰ ਚਲੀ ਜਾਂਦੀ। ਉਸ ਨੇ ਸਾਰੇ ਸਵਾਲਾਂ ਦਾ ਚੰਗੀ ਤਰ੍ਹਾਂ ਜਵਾਬ ਦਿੱਤਾ ਅਤੇ ਜਾਣ ਬੁੱਝ ਕੇ ਮੇਰੇ ਵੱਲ ਧਿਆਨ ਦੇਣ ਤੋਂ ਪਰਹੇਜ਼ ਕੀਤਾ। ਉਹ ਮੈਨੂੰ ਦਿਖਾਉਣਾ ਚਾਹੁੰਦੀ ਸੀ - ਮੈਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਮੈਂ ਤਾਂ ਉਸ ਦੇ ਗੁੱਸੇ ਦਾ ਹੱਕਦਾਰ ਵੀ ਨਹੀਂ ਸੀ। ਹਾਲਾਂਕਿ ਮੈਂ ਉਸ ਦੇ ਪ੍ਰੇਮੀ ਨੂੰ ਮਾਰ ਹੀ ਤਾਂ ਦਿੱਤਾ ਸੀ। ਮੈਂ ਹੁਣ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਿਆ। ਮੈਂ ਕੁਝ ਤਲਖ਼ ਟਿੱਪਣੀਆਂ ਕਰ ਦਿੱਤੀਆਂ। ਉਹ ਚੌਂਕ ਗਈ ਤੇ ਮੇਰੇ ਵੱਲ ਠੰਢੀ ਜਿਹੀ ਭਰੀ ਨਜ਼ਰ ਨਾਲ ਤੱਕਦਿਆਂ ਆਪਣੀ ਸੀਟ ਤੋਂ ਉੱਠੀ ਅਤੇ ਖਿੜਕੀ ਕੋਲ ਖੜ੍ਹ ਕੇ ਉਸ ਨੇ ਕੰਬਦੀ ਆਵਾਜ਼ ਨਾਲ ਕਿਹਾ।

"ਤੁਸੀਂ ਜੋ ਚਾਹੋ ਕਹਿ ਸਕਦੇ ਹੋ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹ ਸਮਝ ਲਵੋ ਕਿ ਮੈਂ ਉਸ ਆਦਮੀ ਨੂੰ ਪਿਆਰ ਕਰਦੀ ਸੀ, ਅੱਜ ਵੀ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹਾਂਗੀ। ਮੈਂ ਇਹ ਨਹੀਂ ਕਹਿੰਦੀ ਕਿ ਉਸ ਨੇ ਮੇਰੇ ਨਾਲ ਬੇਵਫ਼ਾਈ ਕੀਤੀ ਹੈ। ਇਸ ਦੇ ਉਲਟ--"

ਉਸ ਦੀ ਆਵਾਜ਼ ਉਸ ਦਾ ਸਾਥ ਛੱਡ ਗਈ। ਉਹ ਚੁੱਪ ਕਰ ਗਈ। ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ, ਉਸ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਅਤੇ ਉਹ ਕਮਰੇ ਵਿਚੋਂ ਚਲੀ ਗਈ। ਬਜ਼ੁਰਗ ਓਜੋਗਿਨ ਉਲਝਣ ਵਿਚ ਪੈ ਗਿਆ। ਮੈਂ ਉੱਠਿਆ, ਉਨ੍ਹਾਂ ਨਾਲ ਹੱਥ ਮਿਲਾਇਆ, ਆਹ ਭਰੀ, ਆਪਣੀਆਂ ਅੱਖਾਂ ਛੱਤ ਵੱਲ ਨੂੰ ਉਠਾਈਆਂ ਅਤੇ ਤੁਰ ਪਿਆ।

ਮੈਂ ਬਹੁਤ ਕਮਜ਼ੋਰ ਹਾਂ। ਮੇਰੇ ਕੋਲ ਬਹੁਤ ਸਮਾਂ ਨਹੀਂ ਬਚਿਆ। ਮੈਂ ਹੁਣ ਪਹਿਲੇ ਜਿਹੀ ਸ਼ੁੱਧਤਾ ਦੇ ਨਾਲ ਵਰਣਨ ਕਰਨ ਦੇ ਯੋਗ ਨਹੀਂ ਹਾਂ।