ਪੰਨਾ:Mumu and the Diary of a Superfluous Man.djvu/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

117

ਉਸ ਦੀਆਂ ਹਸਰਤ ਭਰੀਆਂ ਨਜ਼ਰਾਂ ਪ੍ਰਿੰਸ ਦੇ ਚਿਹਰੇ 'ਤੇ ਟਿਕੀਆਂ ਸਨ। ਉਸ ਪਲ ਵਿਚ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਦੇ ਹਵਾਲੇ ਕਰ ਦਿੱਤਾ। ਮੈਨੂੰ ਚੰਗੀ ਤਰ੍ਹਾਂ ਦੇਖ ਨਹੀਂ ਸੀ ਸਕਿਆ ਕਿ ਉਹ ਕਿਵੇਂ ਲੱਗਦਾ ਸੀ ਪਰ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਉਹ ਬਹੁਤ ਖੀਵਾ ਸੀ।

ਤੀਜੀ ਵਾਰ ਮੈਂ ਉਸ ਨੂੰ ਚਰਚ ਵਿਚ ਦੇਖਿਆ। ਤਕਰੀਬਨ ਦਸ ਦਿਨ ਬਾਅਦ ਜਦੋਂ ਮੈਂ ਉਸ ਨੂੰ ਬੱਘੀ ਵਿਚ ਦੇਖਿਆ ਸੀ, ਦਵੰਧ ਯੁੱਧ ਤੋਂ ਤਕਰੀਬਨ ਤਿੰਨ ਹਫ਼ਤੇ ਬਾਅਦ। ਓ---ਸ਼ਹਿਰ ਵਿਚ ਪ੍ਰਿੰਸ ਦਾ ਕੰਮ ਨਿੱਬੜਨ ਤੋਂ ਬਾਅਦ ਕੁਝ ਸਮਾਂ ਬੀਤ ਚੁੱਕਾ ਸੀ। ਲੇਕਿਨ ਉਸ ਨੇ ਵਾਪਿਸ ਜਾਣਾ ਅਜੇ ਟਾਲ਼ ਦਿੱਤਾ ਸੀ ਅਤੇ ਉਸ ਨੇ ਸੇਂਟ ਪੀਟਰਸਬਰਗ ਨੂੰ ਲਿਖ ਦਿੱਤਾ ਸੀ ਕਿ ਉਹ ਬਿਮਾਰੀ ਦੇ ਕਾਰਨ ਵਾਪਿਸ ਨਹੀਂ ਆ ਸਕਦਾ। ਕਸਬੇ ਵਿਚ ਹਰ ਕੋਈ ਉਮੀਦ ਕਰਦਾ ਸੀ ਕਿ ਉਹ ਲੀਜ਼ਾ ਅੱਗੇ ਵਿਆਹ ਦਾ ਪ੍ਰਸਤਾਵ ਰੱਖੇਗਾ। ਮੈਂ ਵੀ, ਓ---ਤੋਂ ਜਾਣ ਲਈ ਇਸ ਆਖ਼ਰੀ ਸੱਟ ਦੀ ਉਡੀਕ ਕੀਤੀ। ਮੈਂ ਉਸ ਜਗ੍ਹਾ ਤੋਂ ਅੱਕ ਗਿਆ ਸੀ। ਮੈਂ ਘਰ ਵਿਚ ਨਹੀਂ ਰਹਿ ਸਕਦਾ ਸੀ ਅਤੇ ਸਾਰਾ ਦਿਨ ਸ਼ਹਿਰ ਦੇ ਉਪ-ਨਗਰਾਂ ਵਿਚ ਘੁੰਮਦਾ ਰਹਿੰਦਾ ਸੀ। ਇਕ ਵਾਰ ਬੱਦਲਵਾਈ ਵਾਲੇ ਅਤੇ ਰੁੱਖ਼ੇ ਜਿਹੇ ਦਿਨ ਮੈਂ ਇਸ ਤਰ੍ਹਾਂ ਦੇ ਇਕ ਅਵਾਰਾ ਗੇੜੇ ਤੋਂ ਘਰ ਵਾਪਸ ਆ ਰਿਹਾ ਸੀ। ਮੈਂ ਬਾਰਿਸ਼ ਵਿਚ ਘਿਰ ਗਿਆ ਅਤੇ ਇਕ ਚਰਚ ਅੰਦਰ ਚਲਾ ਗਿਆ। ਬਾਅਦ ਦੁਪਹਿਰ ਦੀ ਪ੍ਰਾਰਥਨਾ ਹੁਣੇ ਹੀ ਸ਼ੁਰੂ ਹੋਈ ਸੀ। ਚਰਚ ਵਿਚ ਹਾਜ਼ਰੀ ਬਹੁਤ ਥੋੜ੍ਹੀ ਸੀ। ਮੈਂ ਆਲੇ-ਦੁਆਲੇ ਨਜ਼ਰ ਦੌੜਾਈ ਅਤੇ ਖਿੜਕੀ ਕੋਲ ਇਕ ਜਾਣਿਆ-ਪਛਾਣਿਆ ਚਿਹਰਾ ਵੇਖਿਆ। ਪਹਿਲੀ ਨਜ਼ਰ ਮੈਂ ਇਹ ਨਹੀਂ ਸਮਝ ਸਕਿਆ ਕਿ ਉਹ ਕੌਣ ਸੀ। ਉਹ ਪੀਲਾ ਪਿਆ ਚਿਹਰਾ, ਉਹ ਧੁੰਦਲੀਆਂ, ਬੁਝੀਆਂ ਅੱਖਾਂ - ਐ ਮੇਰੇ ਰੱਬਾ! ਕਿ ਉਹ ਲੀਜ਼ਾ ਹੈ? ਹਾਂ, ਉਹ ਲੀਜ਼ਾ ਹੀ ਸੀ। ਇਕ ਲਬਾਦਾ ਪਹਿਨੇ, ਟੋਪੀ ਦੇ ਬਗ਼ੈਰ, ਉਹ ਖਿੜਕੀ ਅੱਗੇ ਖੜ੍ਹੀ ਸੀ। ਉਸ ਦੇ ਪੀਲੇ ਪਏ ਚਿਹਰੇ 'ਤੇ ਫਿੱਕੀ ਜਿਹੀ ਰੌਸ਼ਨੀ ਪੈ ਰਹੀ ਸੀ। ਉਸ ਦੀਆਂ ਅੱਖਾਂ ਪਵਿੱਤਰ ਮੂਰਤੀ 'ਤੇ ਟਿਕੀਆਂ ਸਨ ਅਤੇ ਜਾਪਦਾ ਸੀ, ਜਿਵੇਂ ਉਹ ਪ੍ਰਾਰਥਨਾ ਕਰਨ ਦੀ ਜਾਂ ਇਕ ਭਾਰੀ ਸੁਪਨੇ ਤੋਂ ਆਪਣੇ ਆਪ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਉਸ ਦਾ ਲਾਲ ਮੂੰਹ ਵਾਲਾ ਨੌਕਰ ਉਸ ਤੋਂ ਦੂਰੀ 'ਤੇ ਖੜ੍ਹਾ ਸੀ। ਉਹ ਨੀਂਦ ਤੇ ਹੈਰਾਨੀ ਭਰੀਆਂ ਅੱਖਾਂ ਦੇ ਨਾਲ ਆਪਣੀ ਮਾਲਕਣ ਨੂੰ ਦੇਖ ਰਿਹਾ ਸੀ।

ਉਸ ਨੂੰ ਦੇਖ ਕੇ ਮੈਂ ਧੁਰ ਅੰਦਰ ਤਕ ਕੰਬ ਗਿਆ ਸੀ। ਉਸ ਕੋਲ ਮੇਰੀ ਜਾਣ ਦੀ ਇੱਛਾ ਹੋਈ ਪਰ ਇਹ ਕਰਨ ਦੀ ਹਿੰਮਤ ਮੇਰੇ ਵਿਚ ਨਹੀਂ ਸੀ। ਇਕ ਵੱਡਾ ਖ਼ਦਸ਼ਾ ਮੇਰੇ ਦਿਲ ਨੂੰ ਦਬੋਚ ਰਿਹਾ ਸੀ। ਪਾਠ-ਪੂਜਾ ਸਮਾਪਤ ਹੋ ਗਈ ਸੀ, ਉਹ ਖੜ੍ਹੀ ਰਹੀ।