ਪੰਨਾ:Mumu and the Diary of a Superfluous Man.djvu/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

116

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਅਤੇ ਇਸ ਲਈ ਮੈਨੂੰ ਉਸ ਕੁੱਤੇ ਵਾਂਗ ਤਸੀਹਾ ਭੁਗਤਣਾ ਪਿਆ ਜਿਸ ਦੇ ਮਗਰਲੇ ਹਿੱਸੇ ਨੂੰ ਕੋਈ ਗੱਡੀ ਮਿੱਧ ਗਈ ਹੋਵੇ। ਓਜੋਗਿਨ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਕੋਈ ਵਿਅਕਤੀ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਕਿੰਨੀ ਖੁਸ਼ੀ ਲੈ ਸਕਦਾ ਹੈ। ਓ, ਮਨੁੱਖ ਜਾਤੀ ਸੱਚਮੁਚ ਇਕ ਦੁਖਦਾਈ ਨਸਲ ਹੈ ਪਰ ਆਓ ਆਪਾਂ ਸਾਰੀਆਂ ਦਾਰਸ਼ਨਿਕ ਘੋਖਾਂ ਨੂੰ ਪਾਸੇ ਕਰੀਏ। ਮੈਂ ਆਪਣੇ ਦਿਨ ਪੂਰਨ ਇਕਾਂਤ ਵਿਚ ਬਿਤਾਏ। ਓਜੋਗਿਨ ਦੇ ਘਰ ਵਿਚ ਜੋ ਕੁਝ ਹੋ ਰਿਹਾ ਸੀ ਜਾਂ ਪ੍ਰਿੰਸ ਕੀ ਕਰ ਰਿਹਾ ਸੀ। ਉਸ ਬਾਰੇ ਮੈਨੂੰ ਸਿਰਫ਼ ਅਤਿ ਅਸਿੱਧੇ ਅਤੇ ਘਟੀਆ ਸਾਧਨਾਂ ਰਾਹੀਂ ਪਤਾ ਲੱਗ ਸਕਦਾ ਸੀ। ਮੇਰੇ ਅਰਦਲੀ ਨੇ ਓਜੋਗਿਨ ਦੇ ਡਰਾਈਵਰ ਦੀ ਪਤਨੀ ਦੇ ਇਕ ਦੂਰ ਦੇ ਰਿਸ਼ਤੇਦਾਰ ਨਾਲ ਜਾਣ-ਪਛਾਣ ਬਣਾ ਲਈ ਸੀ। ਇਹ ਜਾਣ-ਪਛਾਣ ਮੇਰੇ ਲਈ ਕੁਝ ਦਿਲਾਸੇ ਦਾ ਸਰੋਤ ਸੀ। ਮੈਥੋਂ ਮਿਲੇ ਛੋਟੇ-ਛੋਟੇ ਤੋਹਫ਼ਿਆਂ ਅਤੇ ਸੰਕੇਤਾਂ ਦੇ ਜ਼ਰੀਏ, ਅਰਦਲੀ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਕਿਸ ਵਿਸ਼ੇ 'ਤੇ ਰਾਤ ਨੂੰ ਆਪਣੇ ਮਾਲਕ ਦੇ ਕੱਪੜੇ ਉਤਾਰਦੇ ਹੋਏ ਉਸ ਨੇ ਗੱਲ ਕਰਨੀ ਸੀ।

ਕਈ ਵਾਰ ਸੜਕ 'ਤੇ ਓਜੋਗਿਨ ਦੇ ਪਰਿਵਾਰ ਵਿਚੋਂ ਕਿਸੇ ਜਾਂ ਬਿਜ਼ਮਨਕੋਫ, ਜਾਂ ਖੁਦ ਪ੍ਰਿੰਸ ਨਾਲ ਮੇਰੀ ਮੁਲਾਕਾਤ ਹੋ ਜਾਂਦੀ ਸੀ। ਪ੍ਰਿੰਸ ਨਾਲ ਕਈ ਵਾਰ ਲੰਘਦੇ ਕਰਦੇ ਦੁਆ ਸਲਾਮ ਹੋ ਜਾਂਦੀ ਸੀ ਪਰ ਗੱਲਬਾਤ ਕਦੇ ਨਹੀਂ ਹੋਈ ਸੀ। ਲੀਜ਼ਾ ਨੂੰ ਮੈਂ ਸਿਰਫ਼ ਤਿੰਨ ਵਾਰੀ ਦੇਖਿਆ। ਬੇਸ਼ੱਕ, ਮੇਰੇ ਵਿਚ ਉਸ ਕੋਲ ਜਾਣ ਦੀ ਹਿੰਮਤ ਨਹੀਂ ਆਈ। ਇਕ ਵਾਰ ਮੈਂ ਉਸ ਨੂੰ ਆਪਣੀ ਮਾਂ ਨਾਲ ਸਟੋਰ ਵਿਚ ਦੇਖਿਆ ਸੀ। ਉਹ ਕੁਝ ਕੱਪੜਿਆਂ ਦੇ ਆਰਡਰ ਦੇ ਰਹੀ ਸੀ ਅਤੇ ਲੈਸਾਂ ਪਸੰਦ ਕਰਨ ਵਿਚ ਬਹੁਤ ਮਗਨ ਸੀ। ਉਸ ਦੀ ਮਾਂ ਢਾਕਾਂ ਉੱਤੇ ਹੱਥ ਰੱਖੀ ਨਾਲ ਖੜ੍ਹੀ ਸੀ। ਉਸ ਦੀ ਨੱਕ ਉੱਪਰ ਨੂੰ ਉੱਠੀ ਹੋਈ ਸੀ ਅਤੇ ਆਪਣੀ ਧੀ ਨੂੰ ਉਸ ਖੱਚਰੀ ਮੁਸਕਰਾਹਟ ਨਾਲ ਵੇਖ ਰਹੀ ਸੀ ਜੋ ਸਿਰਫ਼ ਮਾਵਾਂ ਲਈ ਹੀ ਮੁਆਫ਼ੀਯੋਗ ਹੁੰਦੀ ਹੈ ਜੋ ਆਪਣੇ ਬੱਚਿਆਂ ਨੂੰ ਲੋਹੜੇ ਦਾ ਪਿਆਰ ਕਰਦੀਆਂ ਹਨ। ਦੂਜੀ ਵਾਰ ਮੈਂ ਲੀਜ਼ਾ ਨੂੰ ਆਪਣੇ ਮਾਤਾ-ਪਿਤਾ ਅਤੇ ਪ੍ਰਿੰਸ ਦੇ ਨਾਲ ਇਕ ਬੱਘੀ ਵਿਚ ਵੇਖਿਆ। ਬੁੱਢੇ ਓਜੋਗਿਨ ਬੱਘੀ ਦੇ ਪਿੱਛੇ ਅਤੇ ਲੀਜ਼ਾ ਪ੍ਰਿੰਸ ਨਾਲ ਮੋਹਰਲੀ ਸੀਟ 'ਤੇ ਬੈਠੀ ਸੀ। ਮੈਂ ਕਦੇ ਨਹੀਂ ਭੁੱਲਾਂਗਾ ਕਿ ਉਸ ਸਮੇਂ ਉਹ ਕਿਹੋ ਜਿਹੀ ਲੱਗਦੀ ਸੀ। ਉਹ ਆਮ ਨਾਲੋਂ ਥੋੜ੍ਹੀ ਜਿਹੀ ਪੀਲੀ ਪਈ ਹੋਈ ਸੀ। ਉਸ ਦੀਆਂ ਗੱਲ੍ਹਾਂ 'ਤੇ ਦੋ ਮਘਦੇ ਲਾਲ ਚਟਾਕ ਚਮਚਮਾ ਰਹੇ ਸਨ। ਉਹ ਪ੍ਰਿੰਸ ਵੱਲ ਨੂੰ ਅੱਧਾ ਕੁ ਪਾਸਾ ਕਰਕੇ ਬੈਠੀ ਸੀ। ਪ੍ਰਿੰਸ ਦਾ ਸਿਰ ਉਸ ਦੇ ਹੱਥ 'ਤੇ ਟਿਕਿਆ ਹੋਇਆ ਸੀ ਜੋ ਲੀਜ਼ਾ ਦੇ ਗੋਡੇ ਉੱਤੇ ਉਸ ਦੀ ਕੂਹਣੀ ਸਦਕਾ ਉਸ ਵੱਲ ਨੂੰ ਝੁਕਿਆ ਹੋਇਆ ਸੀ। ਆਪਣੇ ਖੱਬੇ ਹੱਥ ਵਿਚ ਲੀਜ਼ਾ ਨੇ ਇਕ ਛੋਟੀ ਜਿਹੀ ਛੱਤਰੀ ਫੜ ਰੱਖੀ ਸੀ।