ਪੰਨਾ:Mumu and the Diary of a Superfluous Man.djvu/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

115

ਚੁੱਪ ਹੋ ਜਾਣਾ ਚਾਹੀਦਾ ਹੈ ਪਰ ਅਜਿਹਾ ਮਾਮਲਾ ਨਹੀਂ ਹੈ। ਹਾਸਾ ਅੰਤ ਤਕ ਹੰਝੂਆਂ ਦਾ ਸਾਥੀ ਰਹਿੰਦਾ ਹੈ। ਹਾਸੇ ਦੀ ਛਣਕਾਰ ਉਦੋਂ ਵੀ ਸੁਣਦੀ ਰਹਿੰਦੀ ਹੈ ਜਦ ਹੰਝੂ ਮੁੱਕ ਜਾਂਦੇ ਹਨ, ਜਦੋਂ ਦੁਖੀਏ ਦੀ ਜੀਭ ਸ਼ਿਕਾਇਤ ਕਰਨ ਦੇ ਸਮਰੱਥ ਨਹੀਂ ਰਹਿੰਦੀ, ਜਦੋਂ ਕਿ ਦੁੱਖਾਂ ਦਾ ਪਾਤਰ ਆਪਣੀਆਂ ਆਖ਼ਰੀ ਪੀੜਾਂ ਨਾਲ ਤੜਪ ਰਿਹਾ ਹੁੰਦਾ ਹੈ।

ਹੁਣ ਬਹੁਤ ਥਕਾਵਟ ਮਹਿਸੂਸ ਹੋ ਰਹੀ ਹੈ ਅਤੇ ਆਪਣੇ ਆਪ ਨੂੰ ਹਾਸੋਹੀਣਾ ਲੱਗਣ ਦੀ ਮੇਰੀ ਕੋਈ ਇੱਛਾ ਨਹੀਂ ਹੈ। ਅੱਗੇ ਮੈਂ ਆਪਣੀ ਕਹਾਣੀ ਦੱਸਾਂਗਾ। ਰੱਬ ਨੇ ਚਾਹਿਆ ਤਾਂ ਮੈਂ ਇਸ ਨੂੰ ਪੂਰੀ ਕਰ ਦਿਆਂਗਾ।

ਮਾਰਚ 29 - ਹਲਕਾ ਕੋਰਾ (ਕੱਲ੍ਹ ਬਰਫ਼ ਪਿਘਲੀ ਸੀ।)

ਮੈਂ ਕੱਲ੍ਹ ਆਪਣੀ ਡਾਇਰੀ ਲਿਖ ਨਹੀਂ ਸਕਿਆ ਸੀ। ਮੈਂ ਸਾਰਾ ਦਿਨ ਬਿਸਤਰ ਵਿਚ ਪਿਆ ਤਰੇਂਤੀਏਵਨਾ ਨਾਲ ਗੱਲਾਂ ਕਰਦਾ ਰਿਹਾ। ਕੇਹੀ ਔਰਤ ਹੈ! ਸੱਠ ਸਾਲ ਪਹਿਲਾਂ ਉਸ ਨੇ ਆਪਣਾ ਪਹਿਲਾ ਪਤੀ ਦਫ਼ਨਾਇਆ ਸੀ ਜਿਸ ਦਾ ਹੈਜ਼ੇ ਕਾਰਨ ਦੇਹਾਂਤ ਹੋ ਗਿਆ ਸੀ। ਉਹ ਆਪਣੇ ਸਾਰੇ ਬੱਚਿਆਂ ਨੂੰ ਵੀ ਦਫ਼ਨਾ ਚੁੱਕੀ ਹੈ। ਬੇਸ਼ੱਕ ਉਹ ਹੁਣ ਬੁੱਢੀ ਹੋ ਗਈ ਹੈ। ਉਹ ਸਾਰਾ ਦਿਨ ਚਾਹ ਪੀਂਦੀ ਹੈ, ਰੱਜ ਕੇ ਖਾਂਦੀ ਹੈ ਅਤੇ ਆਰਾਮਦੇਹ ਕੱਪੜੇ ਪਾਉਂਦੀ ਤੇ ਨਿੱਘ ਵਿਚ ਰਹਿੰਦੀ। ਤੁਸੀਂ ਕੀ ਸੋਚਦੇ ਹੋ ਕਿ ਉਹ ਸਾਰਾ ਦਿਨ ਕਿਸ ਵਿਸ਼ੇ ਬਾਰੇ ਗੱਲਾਂ ਕਰਦੀ ਰਹੀ? ਮੈਂ ਇਕ ਪੁਰਾਣੀ ਟਿੱਡੀਆਂ ਦੀ ਖਾਧੀ ਫਰ-ਕਾਲਰ ਇਕ ਹੋਰ ਬੁੱਢੀ ਔਰਤ ਨੂੰ ਦੇ ਦਿੱਤੀ ਜਿਸ ਦੀ ਦੇਖਭਾਲ ਕਰਨ ਵਾਲਾ ਦੁਨੀਆਂ ਵਿਚ ਕੋਈ ਨਹੀਂ। ਉਹ ਫਤੂਹੀ ਲਈ ਇਹ ਪੁਰਾਣਾ ਕੱਪੜਾ ਚਾਹੁੰਦੀ ਸੀ। (ਉਹ ਜੈਕਟਾਂ ਪਾਉਂਦੀ ਹੈ ਜੋ ਫਤੂਹੀ ਨਜ਼ਰ ਆਉਂਦੀਆਂ ਹਨ) ਹੁਣ ਮੇਰੀ ਤਰੇਂਤੀਏਵਨਾ ਨੂੰ ਉਸ ਤੁੱਛ ਜਿਹੀ ਚੀਜ਼ ਦੀ ਈਰਖਾ ਸੀ ਕਿ ਮੈਂ ਉਹ ਫ਼ਰ-ਕਾਲਰ ਉਸ ਨੂੰ ਕਿਉਂ ਨਹੀਂ ਦਿੱਤੀ? "ਪਿਆਰੇ ਮਾਲਕ, ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ, ਕੀ ਇਹ ਤੁਹਾਡੇ ਲਈ ਪਾਪ ਨਹੀਂ ਹੈ? ਕੀ ਮੈਂ ਤੁਹਾਨੂੰ ਆਪਣਾ ਦੁੱਧ ਨਹੀਂ ਪਿਲਾਇਆ? ਕੀ ਮੈਂ ਤੁਹਾਨੂੰ ਆਪਣੀ ਗੋਦ ਵਿਚ ਨਹੀਂ ਪਾਲਿਆ? ਓਹ-ਓ-ਓ, ਪਿਆਰੇ ਪਿਆਰੇ, ਮੈਂ ਕਦੇ ਤੁਹਾਥੋਂ ਅਜਿਹੇ ਸਲੂਕ ਦੀ ਉਮੀਦ ਨਹੀਂ ਕੀਤੀ ਸੀ!" ਵਗ਼ੈਰਾ, ਵਗ਼ੈਰਾ। ਇਸ ਤਰ੍ਹਾਂ ਬੇਰਹਿਮ ਔਰਤ ਮੈਨੂੰ ਸਾਰਾ ਦਿਨ ਝਿੜਕਦੀ ਰਹੀ ਪਰ ਹੁਣ ਮੈਨੂੰ ਮੇਰੀ ਕਹਾਣੀ ਮੁੜ ਸ਼ੁਰੂ ਕਰਨੀ ਚਾਹੀਦੀ ਹੈ।