ਪੰਨਾ:Mumu and the Diary of a Superfluous Man.djvu/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

113

ਇਹ ਮਾੜੀ ਗੱਲ ਹੈ। ਉਹ ਇਕ ਸ਼ਾਨਦਾਰ ਬੰਦਾ ਹੈ ਅਤੇ ਜੇ ਤੁਸੀਂ ਉਸ ਨੂੰ ਧੂੜ ਚਟਾ ਦਿੱਤੀ ਹੁੰਦੀ ਤਾਂ ਬੜੀ ਦੁੱਖ ਭਰੀ ਗੱਲ ਹੁੰਦੀ।"

"ਪਰ ਉਸ ਨੇ ਮੈਨੂੰ ਕਿਉਂ ਛੱਡਿਆ?" ਮੈਂ ਕਿਹਾ।

"ਕੀ ਤੁਸੀਂ ਕਦੇ ਅਜਿਹੀ ਬਕਵਾਸ ਸੁਣੀ ਹੈ? ਉਫ਼! ਭੈੜੇ ਲੇਖਕ!" ਉਹਲਾਨ ਨੇ ਆਪਣੇ ਮੋਢੇ ਛੰਡਦੇ ਹੋਏ ਕਿਹਾ।

ਮੈਨੂੰ ਇਹ ਸਮਝ ਨਹੀਂ ਪੈਂਦੀ ਕਿ ਮੈਨੂੰ ਲੇਖਕ ਕਹਿਣ ਦਾ ਵਿਚਾਰ ਕਿਸ ਤਰ੍ਹਾਂ ਉਸ ਦੇ ਦਿਮਾਗ਼ ਵਿਚ ਆਇਆ?

ਮੈਂ ਉਨ੍ਹਾਂ ਤਸੀਹਿਆਂ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ ਜੋ ਮੈਂ ਉਸ ਘਾਤਕ ਯੁੱਧ ਤੋਂ ਬਾਅਦ ਦੀ ਸ਼ਾਮ ਨੂੰ ਝੱਲੇ ਸਨ। ਮੇਰੀ ਮੈਂ ਬੁਰੀ ਤਰ੍ਹਾਂ ਕੁਚਲ ਦਿੱਤੀ ਗਈ ਸੀ। ਪਛਤਾਵੇ ਅਤੇ ਮੇਰੀ ਆਪਣੀ ਮੂਰਖ਼ਤਾ ਦੇ ਅਹਿਸਾਸ ਨੇ ਮੈਨੂੰ ਡਰਾਉਣੀ ਹੱਦ ਤਕ ਭੰਨ ਸੁੱਟਿਆ ਸੀ।

"ਇਹ ਮੇਰੀ ਆਪਣੀ ਗਲਤੀ ਸੀ। ਮੈਂ ਆਪਣੇ ਆਪ 'ਤੇ ਇਹ ਆਖ਼ਰੀ ਵਿਨਾਸ਼ਕਾਰੀ ਸੱਟ ਮਾਰੀ ਹੈ,"ਮੈਂ ਆਪਣੇ ਕਮਰੇ ਵਿਚ ਤੁਰਦੇ-ਫਿਰਦੇ ਨੇ ਆਪਣੇ ਆਪ ਨੂੰ ਕਿਹਾ। "ਮੇਰੇ ਹੱਥੋਂ ਜ਼ਖ਼ਮੀ ਪ੍ਰਿੰਸ ਨੇ ਮੈਨੂੰ ਮੁਆਫ਼ ਕਰ ਦਿੱਤਾ ਹੈ। ਹੁਣ ਲੀਜ਼ਾ ਉਸ ਦੀ ਮੁੱਠੀ ਵਿਚ ਹੈ। ਦੁਨੀਆਂ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਉਸ ਨੂੰ ਬਦਕਿਸਮਤੀ ਤੋਂ ਬਚਾ ਸਕਦਾ ਹੋਵੇ।"

ਪ੍ਰਿੰਸ ਦੀ ਆਖ਼ਰੀ ਟਿੱਪਣੀ ਦੇ ਬਾਵਜੂਦ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਾਮਲਾ ਗੁਪਤ ਨਹੀਂ ਰਹਿ ਸਕਦਾ ਸੀ।

"ਉਹ ਅਜਿਹਾ ਮੂਰਖ਼ ਨਹੀਂ ਹੈ, ਜਿਵੇਂ ਕਿ ਇਸ ਸਨਸਨੀ ਦਾ ਵੱਧ ਤੋਂ ਵੱਧ ਫ਼ਾਇਦਾ ਨਾ ਉਠਾਵੇ।" ਮੈਂ ਫਿਰ ਆਪਣੇ ਆਪ ਨੂੰ ਕਿਹਾ।

ਪਰ ਮੇਰੀ ਆਖ਼ਰੀ ਟਿੱਪਣੀ ਗ਼ਲਤ ਸੀ। ਇਹ ਸੱਚ ਹੈ ਕਿ ਅਗਲੇ ਦਿਨ ਸਾਰਾ ਸ਼ਹਿਰ ਦਵੰਧ ਯੁੱਧ ਬਾਰੇ ਅਤੇ ਇਸ ਦੇ ਕਾਰਨਾਂ ਬਾਰੇ ਜਾਣਦਾ ਸੀ ਪਰੰਤੂ ਇਹ ਪ੍ਰਿੰਸ ਨਹੀਂ ਸੀ ਜਿਸ ਨੇ ਇਹ ਸਾਰੀ ਗੱਲ ਫੈਲਾਈ। ਇਸ ਦੇ ਉਲਟ, ਉਸ ਨੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਗਲੇ ਦਿਨ ਓਜੋਗਿਨਾਂ ਦੇ ਗਿਆ। ਉਸ ਨੇ ਆਪਣੇ ਸਿਰ 'ਤੇ ਬੰਨ੍ਹੀ ਪੱਟੀ ਦੀ ਵਿਆਖਿਆ ਕਰਨ ਲਈ ਕੁਝ ਕਹਾਣੀ ਘੜੀ ਸੀ ਪਰ ਪਤਾ ਚੱਲਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਇਸ ਦੇ ਅਸਲ ਕਾਰਨ ਬਾਰੇ ਦੱਸਿਆ ਜਾ ਚੁੱਕਾ ਸੀ। ਮੈਂ ਇਹ ਨਹੀਂ ਕਹਿ ਸਕਦਾ ਕਿ ਬਿਜ਼ਮਨਕੋਫ ਨੇ ਭੇਤ ਖੋਲ੍ਹਿਆ ਸੀ ਜਾਂ ਇਸ ਨੂੰ ਕਿਸੇ ਹੋਰ ਢੰਗ ਨਾਲ ਗੱਲ ਨਿਕਲ ਗਈ ਸੀ ਪਰ ਮੈਨੂੰ ਯਕੀਨ ਹੈ ਕਿ ਕੋਲੋਬੋਰਡੀਆਏਫ, ਭਲੇਪੁਰਸ਼ ਉਹਲਾਨ ਨੇ ਇਸ ਬਾਰੇ ਗੱਲ ਨਹੀਂ ਕੀਤੀ ਸੀ। ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਓ--- ਵਰਗੇ ਛੋਟੇ ਜਿਹੇ ਕਸਬੇ ਵਿਚ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ।