ਪੰਨਾ:Mumu and the Diary of a Superfluous Man.djvu/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

112

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਮੈਂ ਪੱਥਰ ਦੀ ਮੂਰਤ ਵਾਂਗ ਅਹਿੱਲ ਗੁੰਮ-ਸੁੰਮ ਜਿਹਾ ਹੋ ਉਸ ਨੂੰ ਦੇਖਣ ਲੱਗਾ।

"ਮਿਹਰਬਾਨੀ ਕਰਕੇ ਤੁਸੀਂ ਆਪਣੇ ਸਥਾਨ 'ਤੇ ਜਾਓ," ਕੋਲੋਬੋਰਡੀਆਏਫ ਨੇ ਮੈਨੂੰ ਤਾੜਵੇਂ ਅੰਦਾਜ਼ ਵਿਚ ਕਿਹਾ।

"ਕੀ ਲੜਾਈ ਜਾਰੀ ਰਹੇਗੀ?" ਉਸ ਨੇ ਬਿਜ਼ਮਨਕੋਫ਼ ਨੂੰ ਪੁੱਛਿਆ।

ਉਸ ਨੇ ਜਵਾਬ ਨਹੀਂ ਦਿੱਤਾ ਪਰ ਪ੍ਰਿੰਸ ਨੇ ਅਜੇ ਵੀ ਆਪਣਾ ਰੁਮਾਲ ਆਪਣੇ ਜ਼ਖ਼ਮ 'ਤੇ ਰੱਖਿਆ ਹੋਇਆ ਸੀ ਅਤੇ ਲੜਾਈ ਦੇ ਮੈਦਾਨ ਵਿਚ ਮੈਨੂੰ ਥੋੜ੍ਹਾ ਜਿਹਾ ਨੁਕਸਾਨ ਪਹੁੰਚਾ ਕੇ ਸਤੁੰਸ਼ਟੀ ਹਾਸਿਲ ਕਰਨ ਦੀ ਇੱਛਾ ਵੀ ਨਾ ਰੱਖਦੇ ਹੋਏ, ਉਸ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਲੜਾਈ ਖ਼ਤਮ ਹੋ ਗਈ ਹੈ। ਉਸ ਨੇ ਆਪਣੀ ਪਿਸਤੌਲ ਹਵਾ ਵਿਚ ਗੋਲੀ ਦਾਗ ਕੇ ਖ਼ਾਲੀ ਕਰ ਦਿੱਤੀ। ਮੈਂ ਗੁੱਸੇ ਅਤੇ ਨਰਾਜ਼ਗੀ ਨਾਲ ਲਗਭਗ ਚੀਕ ਹੀ ਪਿਆ। ਉਸ ਆਦਮੀ ਨੇ ਮੈਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਸੀ। ਉਸ ਨੇ ਆਪਣੀ ਦਰਿਆਦਿਲੀ ਨਾਲ ਮੈਨੂੰ ਧੂੜ ਵਿਚ ਮਿਲਾ ਦਿੱਤਾ ਸੀ। ਮੈਂ ਇਤਰਾਜ਼ ਕਰਨਾ ਚਾਹੁੰਦਾ ਸੀ। ਮੈਂ ਉਸ ਨੂੰ ਆਪਣੇ 'ਤੇ ਗੋਲੀ ਦਾਗਣ ਲਈ ਬੇਨਤੀ ਕਰਨਾ ਚਾਹੁੰਦਾ ਸੀ ਪਰ ਉਹ ਮੇਰੇ ਕੋਲ ਆਇਆ। ਉਸ ਨੇ ਆਪਣਾ ਹੱਥ ਵਧਾਉਂਦਿਆਂ ਨਿਮਰ ਸ਼ਬਦਾਂ ਨਾਲ ਕਿਹਾ:

"ਸਾਡੇ ਵਿਚ ਸਭ ਕੁਝ ਖ਼ਤਮ ਹੋ ਗਿਆ, ਕਿ ਨਹੀਂ?"

ਮੈਂ ਉਸ ਦੇ ਪੀਲੇ ਚਿਹਰੇ ਅਤੇ ਲਹੂ ਭਿੱਜੇ ਰੁਮਾਲ 'ਤੇ ਨਜ਼ਰ ਮਾਰੀ ਤੇ ਮਿੱਟੀ ਵਿਚ ਮਿਲੇ, ਸ਼ਰਮਿੰਦਗੀ ਮਾਰੇ ਘਬਰਾਏ ਹੋਏ ਨੇ ਉਸ ਦਾ ਵਧਾਇਆ ਹੱਥ ਫੜ ਲਿਆ।

ਪ੍ਰਿੰਸ ਨੇ ਦੂਜਿਆਂ ਵੱਲ ਮੁੜ ਕੇ ਕਿਹਾ, "ਸੱਜਣੋ, ਮੈਂ ਆਸ ਕਰਦਾ ਹਾਂ ਕਿ ਸਾਡਾ ਇਹ ਮਾਮੂਲੀ ਜਿਹਾ ਝਗੜਾ ਗੁਪਤ ਰਹੇਗਾ।"

ਕੋਲੋਬੋਰਡੀਆਏਫ ਨੇ ਕਿਹਾ: "ਬੇਸ਼ੱਕ! ਪਰ ਪ੍ਰਿੰਸ ਮੈਨੂੰ ਇਜਾਜ਼ਤ ਦਿਉ;" ਉਸ ਨੇ ਪ੍ਰਿੰਸ ਦੇ ਜ਼ਖ਼ਮ ਨੂੰ ਸਾਫ਼ ਕਰਕੇ ਬੰਨ੍ਹ ਦਿੱਤਾ।

ਪ੍ਰਿੰਸ ਨੇ ਯੁੱਧ ਖੇਤਰ ਛੱਡਣ ਤੋਂ ਪਹਿਲਾਂ ਇਕ ਵਾਰ ਮੈਨੂੰ ਪ੍ਰਣਾਮ ਕੀਤਾ ਪਰ ਬਿਜ਼ਮਨਕੋਫ ਨੇ ਮੇਰੇ ਵੱਲ ਦੇਖਿਆ ਵੀ ਨਹੀਂ। ਮੈਂ ਆਪਣੇ ਆਪ ਨੂੰ ਨੈਤਿਕ ਤੌਰ 'ਤੇ ਮਰ ਗਿਆ ਮਹਿਸੂਸ ਕਰਦਾ ਕੋਲੋਬੋਰਡੀਆਏਫ ਦੇ ਨਾਲ ਘਰ ਗਿਆ। ਮੈਂ ਘੋਰ ਉਦਾਸ ਅਤੇ ਚੁੱਪ ਸੀ।

"ਤੁਹਾਨੂੰ ਇਹ ਕੀ ਹੋਇਆ ਹੈ?" ਉਹਲਾਨ ਨੇ ਪੁੱਛਿਆ। "ਤੁਹਾਨੂੰ ਉਸ ਦੇ ਜ਼ਖ਼ਮ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ। ਖ਼ਤਰੇ ਵਾਲੀ ਕੋਈ ਗੱਲ ਨਹੀਂ ਅਤੇ ਜੇ ਉਹ ਚਾਹਵੇ ਤਾਂ ਕੱਲ੍ਹ ਨੂੰ ਨਾਚ ਕਰ ਸਕੇਗਾ ਜਾਂ ਕੀ ਤੁਹਾਨੂੰ ਅਫ਼ਸੋਸ ਹੈ ਕਿ ਤੁਸੀਂ ਉਸ ਨੂੰ ਨਹੀਂ ਮਾਰਿਆ? ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ