ਪੰਨਾ:Mumu and the Diary of a Superfluous Man.djvu/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

103

। ਮੈਂ ਠੰਡੇ, ਮਾਣਮੱਤੇ ਅੰਦਾਜ਼ ਵਿਚ ਆਲੇ-ਦੁਆਲੇ ਵੇਖਿਆ ਤੇ ਬੜੇ ਸਹਿਜ ਅੰਦਾਜ਼ ਵਿਚ ਲੰਮੇ ਚਿਹਰੇ, ਲਾਲ ਚਮਕਦੇ ਨੱਕ, ਖੁੱਲ੍ਹੇ ਮੂੰਹ ਅਤੇ ਲੰਮੀ ਸੋਹਣੀ ਕਮਾਨ ਨੁਮਾ ਗਰਦਨ ਵਾਲੀ ਇਕ ਭਰ ਜਵਾਨ ਕੁੜੀ ਕੋਲ ਚਲਾ ਗਿਆ। ਥੋੜ੍ਹਾ ਜਿਹਾ ਝੁਕ ਕੇ ਅਤੇ ਬੂਟਾਂ ਦੇ ਤੁਣਕੇ ਨਾਲ ਮੈਂ ਉਸ ਨੂੰ ਆਪਣੇ ਨਾਲ ਨਾਚ ਕਰਨ ਲਈ ਕਿਹਾ। ਉਸ ਨੇ ਪੀਲੀ ਭਾਅ ਮਾਰਦੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਏ ਸੀ ਜਿਸ ਤੋਂ ਇੰਝ ਲਗਦਾ ਸੀ ਕਿ ਉਹ ਬਿਮਾਰ ਰਹੀ ਸੀ ਅਤੇ ਹਾਲੇ ਤਕ ਠੀਕ ਨਹੀਂ ਹੋਈ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਨੂੰ ਇਕ ਪੁਰਾਣੀ ਨਾਕਾਮੀ ਦਾ ਤਲਖ਼ ਅਨੁਭਵ ਭਾਵਨਾ ਨਾਲ ਅਜੇ ਤਕ ਗੜੁੱਚ ਹੋਵੇ। ਸਾਰੀ ਸ਼ਾਮ ਉਹ ਆਪਣੀ ਕੁਰਸੀ 'ਤੇ ਬੈਠੀ ਰਹੀ ਸੀ। ਉਸ ਨੂੰ ਨਾਚ ਲਈ ਸੱਦਾ ਦੇਣ ਦਾ ਖ਼ਿਆਲ ਕਿਸੇ ਨੂੰ ਵੀ ਨਹੀਂ ਆਇਆ ਸੀ। ਲਗਪਗ ਸੋਲ੍ਹਾਂ ਸਾਲ ਦੀ ਉਮਰ ਦੇ ਨੌਜਵਾਨ ਨੇ ਇਕ ਵਾਰ ਸਪਸ਼ਟ ਭਾਂਤ ਕੋਈ ਹੋਰ ਸਾਥੀ ਨਾ ਹੋਣ ਕਰਕੇ ਉਸ ਨੂੰ ਸੱਦਾ ਦੇਣ ਦੇ ਇਰਾਦੇ ਨਾਲ ਆਪਣੇ ਕਦਮ ਵਧਾਏ ਸਨ ਪਰ ਉਸ ਨੇ ਅਧਵਾਟੇ ਹੀ ਆਪਣਾ ਮਨ ਬਦਲ ਲਿਆ ਅਤੇ ਪਾਸਾ ਵੱਟ ਗਿਆ। ਹੁਣ, ਇਹ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ ਕਿ ਮੇਰੇ ਸੱਦੇ ਤੋਂ ਉਹ ਕਿੰਨੀ ਖ਼ੁਸ਼ ਸੀ। ਮੈਂ ਉਸ ਨੂੰ ਡਰਾਇੰਗ-ਰੂਮ ਵਿਚ ਦੀ ਲੈ ਕੇ ਗਿਆ। ਨਾਚ ਕਰਨ ਵਾਲਿਆਂ ਦੇ ਘੇਰੇ ਦੇ ਨੇੜੇ ਦੋ ਕੁਰਸੀਆਂ ਲੱਭੀਆਂ ਅਤੇ ਉਸ ਦੇ ਨਾਲ ਪ੍ਰਿੰਸ ਅਤੇ ਲੀਜ਼ਾ ਦੇ ਸਾਹਮਣੇ ਬੈਠ ਗਿਆ।

ਅਸੀਂ ਦੋਵੇਂ, ਮੈਂ ਅਤੇ ਮੇਰੀ ਸਾਥਣ ਸੱਦਿਆਂ ਤੋਂ ਬਹੁਤੇ ਪ੍ਰੇਸ਼ਾਨ ਨਹੀਂ ਸੀ। ਸਿੱਟੇ ਵਜੋਂ ਗੱਲਬਾਤ ਲਈ ਸਾਡੇ ਕੋਲ ਕਾਫ਼ੀ ਸਮਾਂ ਸੀ। ਇਹ ਸੱਚ ਹੈ, ਉਸ ਸਮੇਂ ਮੇਰੀ ਸਾਥਣ ਰਵਾਨਗੀ ਨਾਲ ਗੱਲਾਂ ਕਰਨ ਦੇ ਖ਼ਾਸ ਤੋਹਫ਼ੇ ਨਾਲ ਵਰੋਸਾਈ ਹੋਈ ਨਹੀਂ ਸੀ। ਉਸ ਨੇ ਆਪਣੇ ਮੂੰਹ ਦੀ ਵਰਤੋਂ ਇਕ ਅਜੀਬ ਕਿਸਮ ਦੀ ਮੁਸਕਰਾਹਟ ਲਈ ਕੀਤੀ। ਉਸ ਦੇ ਬੁੱਲ੍ਹ ਅਤੇ ਠੋਡੀ ਹੇਠਾਂ ਵੱਲ ਦਬਾਅ ਪਾ ਰਹੇ ਸਨ ਜਦੋਂ ਕਿ ਉਸ ਦੀਆਂ ਅੱਖਾਂ ਉੱਪਰ ਵੱਲ ਨੂੰ ਉੱਠੀਆਂ ਹੋਈਆਂ ਸਨ, ਜਿਵੇਂ ਕਿਸੇ ਅਦਿੱਖ ਸ਼ਕਤੀ ਨੇ ਅੰਦਰੋਂ ਉਸ ਦੇ ਲੰਮੇ ਚਿਹਰੇ ਨੂੰ ਹੋਰ ਵੀ ਲੰਮਾ ਕਰ ਦਿੱਤਾ ਹੋਵੇ। ਪਰ ਮੇਰੀ ਉਸ ਨਾਲ ਕੋਈ ਗੱਲਬਾਤ ਕਰਨ ਦੀ ਇੱਛਾ ਨਹੀਂ ਸੀ। ਮੈਨੂੰ ਗੁੱਸਾ ਆਇਆ ਤੇ ਮੇਰੀ ਸਾਥਣ ਨੇ ਮੈਨੂੰ ਘਬਰਾਹਟ ਮਹਿਸੂਸ ਨਹੀਂ ਕਰਵਾਈ - ਇਹ ਇਕ ਵਰਦਾਨ ਸੀ।

ਮੈਂ ਦੁਨੀਆਂ ਵਿਚ ਹਰ ਕਿਸੇ ਦੀ ਅਤੇ ਹਰ ਚੀਜ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਖ਼ਾਸ ਕਰਕੇ ਰਾਜਧਾਨੀ ਦੇ ਨੌਜਵਾਨਾਂ ਅਤੇ ਪੀਟਰਸਬਰਗ ਦੇ ਨਿਕੰਮੇ ਬਾਂਕਿਆਂ ਦੀ ਨਿਖੇਧੀ ਕਰਨਾ। ਆਖ਼ਿਰਕਾਰ ਮੈਂ ਇਸ ਹੱਦ ਤਕ ਚਲਾ ਗਿਆ ਕਿ ਮੇਰੀ ਸਾਥਣ ਨੇ ਆਪਣੀਆਂ ਅੱਖਾਂ ਚੁੱਕਣ ਦੀ ਬਜਾਏ