ਪੰਨਾ:Mumu and the Diary of a Superfluous Man.djvu/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

102

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਅਜਿਹੇ ਮੌਕਿਆਂ ਲਈ ਲੋੜੀਂਦੀ ਸੀ। ਗੈਲਰੀ ਬੇਸੁਰੇ ਪਿੱਤਲ ਦੇ ਵਾਜਿਆਂ ਵਾਲੇ ਸੰਗੀਤਕਾਰ, ਆਪਣੇ ਵੱਡੇ ਪਰਿਵਾਰਾਂ ਸਹਿਤ ਜਾਗੀਰਦਾਰ, ਲਾਲ ਆਈਸ-ਕਰੀਮ, ਪੀਲੀ ਜੈਲੀ, ਘਸੇ ਹੋਏ ਬੂਟਾਂ ਅਤੇ ਸੂਤੀ ਨਕਟਾਈਆਂ ਵਾਲੇ ਨੌਕਰ-ਚਾਕਰ, ਬੌਂਦਲਾਏ ਚਿਹਰਿਆਂ ਵਾਲੇ ਕਸਬਾਈ ਬਾਂਕੇ ਤੇ ਇਹ ਸਾਰਾ ਛੋਟਾ ਸੰਸਾਰ ਆਪਣੇ ਸੂਰਜ ਦੁਆਲੇ, ਪ੍ਰਿੰਸ ਐਨ---ਦੁਆਲੇ ਘੁੰਮ ਰਿਹਾ ਸੀ।

ਭੀੜਾਂ ਵਿਚ ਗੁੰਮਿਆ, ਬੁੱਢੀਆਂ ਨੌਕਰਾਣੀਆਂ ਜਿਨ੍ਹਾਂ ਦੇ ਮੱਥਿਆਂ 'ਤੇ ਲਾਲ ਫਿੰਸੀਆਂ ਸਨ ਅਤੇ ਵਾਲਾਂ ਵਿਚ ਲਾਏ ਨੀਲੇ ਫੁੱਲ, ਉਨ੍ਹਾਂ ਦੀਆਂ ਨਜ਼ਰਾਂ ਤੋਂ ਵੀ ਉਹਲੇ ਖੜ੍ਹਾ ਮੈਂ ਆਪਣੀਆਂ ਨਜ਼ਰਾਂ ਪ੍ਰਿੰਸ ਤੋਂ ਲੀਜ਼ਾ ਵੱਲ ਅਤੇ ਲੀਜ਼ਾ ਤੋਂ ਪ੍ਰਿੰਸ ਵੱਲ ਘੁੰਮਾ ਰਿਹਾ ਸੀ। ਲੀਜ਼ਾ ਨੇ ਬੜੇ ਸੁਹਣੇ ਕੱਪੜੇ ਪਹਿਨੇ ਹੋਏ ਸਨ ਅਤੇ ਉਸ ਸ਼ਾਮ ਨੂੰ ਉਹ ਬਹੁਤ ਖ਼ੂਬਸੂਰਤ ਦਿਖਾਈ ਦੇ ਰਹੀ ਸੀ। ਪ੍ਰਿੰਸ ਸਾਰੀ ਸ਼ਾਮ ਦੇ ਦੌਰਾਨ ਰਸਮੀ ਮਾਜ਼ੁਰਕਾ ਦੇ ਇਲਾਵਾ ਉਸ ਨਾਲ ਸਿਰਫ਼ ਦੋ ਵਾਰ ਨੱਚਿਆ ਪਰ ਇਹ ਸਪਸ਼ਟ ਸੀ (ਘੱਟੋ-ਘੱਟ ਮੇਰੇ ਲਈ) ਕਿ ਹਰ ਵੇਲੇ ਉਨ੍ਹਾਂ ਵਿਚਕਾਰ ਗੁਪਤ ਗੱਲਬਾਤ ਨਿਰੰਤਰ ਚੱਲਦੀ ਰਹੀ। ਉਹ ਉਸ ਵੱਲ ਦੇਖ ਨਹੀਂ ਰਿਹਾ ਸੀ। ਉਹ ਉਸ ਨੂੰ ਸੰਬੋਧਨ ਨਹੀਂ ਕਰ ਰਿਹਾ ਸੀ। ਫਿਰ ਵੀ ਉਸ ਨਾਲ ਤੇ ਸਿਰਫ਼ ਉਸ ਨਾਲ ਗੱਲਾਂ ਕਰਦਾ ਜਾਪ ਰਿਹਾ ਸੀ। ਉਹ ਦੂਸਰਿਆਂ ਨਾਲ ਵੀ ਉਸ ਦੇ ਕਰਕੇ ਸਨਿਮਰ, ਪ੍ਰਸੰਨ ਅਤੇ ਸਨੇਹਪੂਰਵਕ ਸੀ - ਇਉਂ ਜਾਪਦਾ ਸੀ ਕਿ ਉਹ ਆਪਣੇ ਆਪ ਨੂੰ ਉਸ ਸ਼ਾਮ ਦੀ ਅਤੇ ਪ੍ਰਿੰਸ ਦੇ ਦਿਲ ਦੀ ਰਾਣੀ ਸਮਝ ਰਹੀ ਸੀ। ਉਸ ਦੇ ਚਿਹਰੇ 'ਤੇ ਬੱਚਿਆਂ ਵਰਗੀ ਖ਼ੁਸ਼ੀ, ਭੋਲਾ ਮਾਣ ਅਤੇ ਕਦੇ-ਕਦੇ ਕੋਈ ਹੋਰ ਡੂੰਘੀ ਭਾਵਨਾ ਝਲਕਦੀ ਸੀ। ਇਹ ਸਾਰੇ ਹਾਵ-ਭਾਵ ਉਸ ਦੀ ਪੂਰੀ ਦਿੱਖ ਵਿਚ ਘੁਲ ਮਿਲ ਗਏ ਸਨ ਅਤੇ ਉਹ ਖੇੜੇ ਦੀ ਮੂਰਤੀ ਦਿਖਾਈ ਦਿੰਦੀ ਸੀ। ਮੈਂ ਇਹ ਸਭ ਕੁਝ ਘੋਖਿਆ। ਇਹ ਮੇਰੇ ਲਈ ਪਹਿਲੀ ਵਾਰ ਨਹੀਂ ਸੀ ਕਿ ਮੈਂ ਉਨ੍ਹਾਂ ਦੀ ਘੋਖ ਕੀਤੀ ਹੋਵੇ। ਪਹਿਲਾਂ ਤਾਂ ਮੈਂ ਮਹਿਸੂਸ ਕੀਤਾ ਜਿਵੇਂ ਮੈਨੂੰ ਜਖ਼ਮੀ ਕਰ ਦਿੱਤਾ ਹੋਵੇ। ਫਿਰ ਦਰਦ ਦਾ ਇਕ ਰੁੱਗ ਜਿਹਾ ਭਰਿਆ ਜਾਂਦਾ ਮਹਿਸੂਸ ਕੀਤਾ ਅਤੇ ਆਖ਼ਿਰ ਮੈਨੂੰ ਗੁੱਸਾ ਚੜ੍ਹਨ ਲੱਗ ਗਿਆ। ਹਾਂ, ਮੈਂ ਅਚਾਨਕ ਬਹੁਤ ਕ੍ਰੋਧਿਤ ਹੋ ਗਿਆ। ਇਸ ਭਾਵਨਾ ਨੇ ਮੈਨੂੰ ਮੇਰੀਆਂ ਨਜ਼ਰਾਂ ਵਿਚ ਉੱਚਾ ਉਠਾ ਦਿੱਤਾ ਅਤੇ ਮੈਂ ਪੂਰੇ ਭਰੇ ਦਿਲ ਨਾਲ ਇਸ ਦਾ ਸਵਾਗਤ ਕੀਤਾ।

"ਮੈਂ ਉਨ੍ਹਾਂ ਨੂੰ ਵਿਖਾਵਾਂਗਾ ਕਿ ਮੈਂ ਅਜੇ ਮਰਿਆ ਨਹੀਂ ਹਾਂ," ਮੈਂ ਆਪਣੇ ਆਪ ਨੂੰ ਕਿਹਾ ਅਤੇ ਮਾਣ ਨਾਲ ਫੁੱਲ ਗਿਆ ਜਦੋਂ ਮਜ਼ੁਰਕਾ ਦੀਆਂ ਪਹਿਲੀਆਂ ਥਾਪਾਂ ਸੁਣਾਈ ਦਿੱਤੀਆਂ