ਪੰਨਾ:Mumu and the Diary of a Superfluous Man.djvu/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

101

ਵਾਲੇ ਬੇਵਫ਼ਾ ਨੇ ਤੁਹਾਨੂੰ ਧੋਖਾ ਦਿੱਤਾ ਹੈ ਪਰ ਮੈਂ ਸੱਚਾ ਦੋਸਤ ਹਾਂ। ਆਓ ਆਪਾਂ ਅਤੀਤ ਨੂੰ ਭੁੱਲ ਜਾਈਏ ਅਤੇ ਖੁਸ਼ ਰਹੀਏ।"

ਅਚਾਨਕ ਇਕ ਅਫ਼ਵਾਹ ਚੱਕਰ ਲਾ ਰਹੀ ਸੀ ਕਿ ਜ਼ਿਲ੍ਹੇ ਦੇ ਗਵਰਨਰ ਨੇ ਆਪਣੀ ਜਾਗੀਰ ਗੋਰਨੋਸਤਾਏਵਕਾ ਵਿਚ ਪਤਵੰਤੇ ਮਹਿਮਾਨ ਦੇ ਸਨਮਾਨ ਲਈ ਇਕ ਨਾਚ ਪਾਰਟੀ ਦੇਣ ਦੀ ਤਜਵੀਜ਼ ਰੱਖੀ ਸੀ। ਸ਼ਹਿਰ ਦੇ ਗਵਰਨਰ ਤੋਂ ਲੈ ਕੇ ਉੱਪਰ ਤੋਂ ਹੇਠਾਂ ਤਕ ਸਾਰੇ ਅਧਿਕਾਰੀਆਂ ਨੂੰ ਸੱਦੇ ਪੱਤਰ ਦਿੱਤੇ। ਇਕ ਜਰਮਨ ਡਾਕਟਰ ਨੂੰ ਵੀ ਸੱਦਾ ਮਿਲਿਆ ਸੀ ਜਿਸ ਦਾ ਚਿਹਰਾ ਫਿੰਸੀਆਂ ਨਾਲ ਭਰਿਆ ਪਿਆ ਸੀ ਅਤੇ ਉਹ ਰੂਸੀ ਭਾਸ਼ਾ ਨੂੰ ਸਹੀ ਢੰਗ ਨਾਲ ਉਚਾਰਨ ਦਾ ਮਾਹਿਰ ਹੋਣ ਦਾ ਦੰਭ ਕਰਦਾ ਸੀ। ਇਸ ਲਈ ਉਹ ਸਾਰੇ ਮੌਕਿਆਂ 'ਤੇ ਹਾਸੋਹੀਣੀ ਫਿਕਰੇਬਾਜ਼ੀ ਲਈ ਮਸ਼ਹੂਰ ਸੀ।

ਅਜਿਹੇ ਮੌਕਿਆਂ 'ਤੇ ਰਿਵਾਜ ਮੁਤਾਬਕ ਅਡੰਬਰੀ ਤਿਆਰੀਆਂ ਦੀ ਸ਼ੁਰੂਆਤ ਹੋ ਗਈ ਸੀ। ਇਕ ਕਾਸਮੈਟਿਕ ਵਪਾਰੀ ਨੇ ਪੋਮਾਦ ਦੇ ਘੱਟ ਤੋਂ ਘੱਟ ਸੋਲ੍ਹਾਂ ਗੂੜ੍ਹੇ-ਨੀਲੇ ਬਕਸੇ ਵੇਚ ਦਿੱਤੇ ਸਨ ਜਿਨ੍ਹਾਂ 'ਤੇ "ਏ ਲਾ ਜੈਸਮੀਨ" ਦਾ ਲੇਬਲ ਲਾਇਆ ਹੋਇਆ ਸੀ ਜਿਸ ਦੇ ਅੱਖਰ ਫ਼ਰਾਂਸੀਸੀ ਅਤੇ ਸ਼ਬਦ-ਜੋੜ ਰੂਸੀ ਸਨ। ਜੁਆਨ ਉਮਰ ਦੀਆਂ ਔਰਤਾਂ ਨੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਲੱਕ ਦੇ ਗਿਰਦ ਕਮਰਬੰਦ ਸੀ ਜਿਸ ਦੇ ਸਾਹਮਣੇ ਵਾਲੇ ਪਾਸੇ ਇਕ ਗਾਨੀ ਜਿਹਾ ਕੁਝ ਲਟਕਦਾ ਸੀ। ਟੋਪੀਆਂ ਦੇ ਬਹਾਨੇ ਮਾਵਾਂ ਨੇ ਆਪਣੇ ਸਿਰ 'ਤੇ ਡਰਾਉਣੇ ਲੱਗਦੇ ਗੁੰਬਦ ਜਿਹੇ ਬਣਾਏ ਹੋਏ ਸਨ। ਰੁਝੇਵਿਆਂ ਨਾਲ ਥੱਕੇ ਬਾਪ ਅਧਮੋਏ ਜਿਹੇ ਲੱਤਾਂ ਘਸੀਟ ਰਹੇ ਸਨ।

ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਦਿਨ ਆਖ਼ਿਰ ਆ ਪਹੁੰਚਿਆ। ਮੈਂ ਵੀ ਸੱਦੇ ਗਏ ਮਹਿਮਾਨਾਂ ਵਿਚੋਂ ਇਕ ਸੀ। ਓ---ਸ਼ਹਿਰ ਤੋਂ ਗੋਰਨੋਸਤਾਏਵਕਾ ਤਕਰੀਬਨ ਦਸ ਕੁ ਮੀਲ ਦੂਰ ਹੈ। ਓਜੋਗਿਨ ਨੇ ਮੈਨੂੰ ਆਪਣੀ ਬੱਘੀ ਵਿਚ ਇਕ ਸੀਟ ਦੀ ਪੇਸ਼ਕਸ਼ ਕੀਤੀ ਪਰ ਮੈਂ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਵੇਂ ਇਕ ਬੱਚਾ ਜਿਸ ਨੂੰ ਉਸ ਦੇ ਮਾਪਿਆਂ ਨੇ ਸਜ਼ਾ ਦਿੱਤੀ ਹੋਵੇ, ਉਹ ਉਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਇਨਕਾਰ ਕਰ ਦਿੰਦਾ ਹੈ ਜੋ ਉਸ ਨੂੰ ਸਭ ਤੋਂ ਵੱਧ ਚੰਗੀਆਂ ਲੱਗਦੀਆਂ ਹਨ, ਤਾਂ ਜੋ ਉਹ ਉਨ੍ਹਾਂ ਤੋਂ ਬਦਲਾ ਲੈ ਸਕੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਮੌਜੂਦਗੀ ਦੇ ਨਾਲ ਲੀਜ਼ਾ ਨੂੰ ਵਿਚਲਿਤ ਕਰਾਂਗਾ। ਬਿਜ਼ਮਨਕੋਫ ਨੇ ਮੇਰੀ ਸੀਟ ਮੱਲ ਲਈ। ਪ੍ਰਿੰਸ ਮੋਟੀ ਰਕਮ ਨਾਲ ਕਿਰਾਏ 'ਤੇ ਲਈ ਆਪਣੀ ਹੀ ਗੱਡੀ ਵਿਚ ਪਾਰਟੀ ਤੇ ਗਿਆ।

ਮੈਂ ਨਾਚ ਪਾਰਟੀ ਦਾ ਵਰਣਨ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ। ਹਰ ਚੀਜ਼