98
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਉਸ ਨਾਲ ਇਸ ਨਾਜ਼ੁਕ ਵਿਸ਼ੇ ਬਾਰੇ ਗੱਲ ਛੇੜ ਵੀ ਲਈ ਸੀ ਪਰ ਮੈਂ ਅਜਿਹੇ ਅਸਪਸ਼ਟ ਅਤੇ ਵਲੇਵੇਂਦਾਰ ਸ਼ਬਦਾਂ ਵਿਚ ਗੱਲ ਕੀਤੀ। ਉਸ ਸਮੇਂ ਮੈਂ ਜੋ ਕੁਝ ਕਿਹਾ ਸੀ ਉਸ ਦਾ ਇਕ ਸ਼ਬਦ ਵੀ ਉਹ ਸਮਝਣ ਤੋਂ ਬਿਨਾਂ ਸੁਣਦਾ ਰਿਹਾ ਅਤੇ ਫਿਰ ਮੇਰੀਆਂ ਰਹੱਸਮਈ ਬੁਝਾਰਤਾਂ ਤੋਂ ਅੱਕ ਜਾਣ ਕਾਰਨ ਅਚਾਨਕ ਉੱਠ ਖੜ੍ਹਾ ਹੋਇਆ ਜਿਵੇਂ ਕਿ ਭਾਰੀ ਨੀਂਦ ਵਿਚੋਂ ਜਾਗਿਆ ਹੋਵੇ, ਆਪਣੇ ਚਿਹਰੇ ਉੱਤੇ ਹੱਥ ਫੇਰਿਆ, ਨਿੱਛ ਮਾਰੀ ਤੇ ਕਮਰੇ ਵਿਚੋਂ ਚਲਾ ਗਿਆ।
ਮੈਨੂੰ ਇਹ ਵਾਧਾ ਕਰਨ ਦੀ ਜ਼ਰੂਰਤ ਨਹੀਂ ਕਿ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਮੈਂ ਆਪਣੇ ਆਪ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਬਿਨਾਂ ਕਿਸੇ ਨਿਜ ਦੇ ਕੰਮ ਕਰ ਰਿਹਾ ਸਾਂ; ਕਿ ਮੈਂ ਤਾਂ ਸਿਰਫ਼ ਇਨਸਾਫ਼ ਦਾ ਇਕ ਕਾਰਜ ਹੱਥ ਲਿਆ ਸੀ। ਘਰ ਦੇ ਇਕ ਦੋਸਤ ਦੇ ਰੂਪ ਵਿਚ ਮੇਰਾ ਇਹ ਫਰਜ਼ ਬਣਦਾ ਸੀ ਕਿ ਮੈਂ ਇਸ ਦੇ ਸਨਮਾਨ ਦੀ ਫ਼ਿਕਰ ਕਰਾਂ। ਮੈਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਜੇ ਸ਼੍ਰੀਮਾਨ ਓਜੋਗਿਨ ਨੇ ਮੈਨੂੰ ਏਨੀ ਬੇਕਿਰਕੀ ਨਾਲ ਟੋਕਿਆ ਨਾ ਵੀ ਹੁੰਦਾ, ਤਾਂ ਵੀ ਮੈਂ ਉਸ ਨੂੰ ਜੋ ਕੁਝ ਦੱਸਣ ਦਾ ਮਨ ਬਣਾਇਆ ਸੀ। ਉਹ ਸਭ ਦੱਸ ਦੇਣ ਲਈ ਲੋੜੀਂਦੀ ਹਿੰਮਤ ਮੇਰੇ ਵਿਚ ਨਹੀਂ ਸੀ।
ਕਦੇ-ਕਦੇ ਮੈਂ ਪੁਰਾਣੇ ਸਮੇਂ ਦੇ ਇਕ ਬੁੱਧੀਮਾਨ ਆਦਮੀ ਦੀ ਗੰਭੀਰਤਾ ਨਾਲ, ਪ੍ਰਿੰਸ ਐੱਨ--- ਦੇ ਚਰਿੱਤਰ ਦਾ ਮੁਲਾਂਕਣ ਕਰਨ ਲੱਗ ਪੈਂਦਾ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਦੀ ਕਹਾਣੀ ਬਹੁਤ ਤਿਲਕਣ ਵਾਲੀ ਹੁੰਦੀ ਹੈ। ਇਸ ਲਈ ਲੀਜ਼ਾ ਨੂੰ ਅਜੇ ਵੀ ਹੋਸ਼ ਆ ਸਕਦੀ ਸੀ ਕਿ ਪ੍ਰਿੰਸ ਲਈ ਮੁਹੱਬਤ ਹੋਰ ਕੁਝ ਵੀ ਹੋ ਸਕਦੀ ਸੀ ਪਰ ਅਸਲੀ ਪਿਆਰ ਨਹੀਂ ਸੀ। ਸੰਖੇਪ ਵਿਚ, ਕਿਹੜਾ ਵਿਚਾਰ ਸੀ ਜੋ ਉਸ ਸਮੇਂ ਮੇਰੇ ਮਨ ਵਿਚ ਨਹੀਂ ਆਇਆ ਹੋਣਾ। ਕੇਵਲ ਇਕ "ਮੁਕਤ ਹੋਣ ਦਾ ਸਾਧਨ" ਕਦੇ ਮੇਰੇ ਨਜ਼ਦੀਕ ਨਹੀਂ ਆਇਆ ਅਤੇ ਇਹ ਸੀ ਆਤਮ ਹੱਤਿਆ। ਆਪਣੇ ਆਪ ਨੂੰ ਖ਼ਤਮ ਕਰਨ ਦਾ ਖ਼ਿਆਲ ਕਤਈ ਮੇਰੇ ਦਿਮਾਗ ਵਿਚ ਨਹੀਂ ਆਇਆ ਸੀ। ਮੈਂ ਇਹ ਨਹੀਂ ਦੱਸ ਸਕਦਾ ਕਿ ਮੈਂ ਇਹ ਕਿਉਂ ਨਹੀਂ ਸੋਚਿਆ। ਸ਼ਾਇਦ ਮੈਨੂੰ ਪਹਿਲਾਂ ਹੀ ਇਸ ਗੱਲ ਦੀ ਬਿੜਕ ਸੀ ਕਿ ਮੈਂ ਲੰਬੇ ਸਮੇਂ ਤਕ ਜੀਅ ਨਹੀਂ ਸਕਣਾ।
ਇਹ ਤਾਂ ਆਪਣੇ ਆਪ ਹੀ ਸਪਸ਼ਟ ਹੈ ਕਿ ਅਜਿਹੀਆਂ ਔਖੀਆਂ ਹਾਲਤਾਂ ਵਿਚ ਦੂਜਿਆਂ ਨਾਲ ਮੇਰਾ ਵਰਤੋਂ-ਵਿਹਾਰ, ਮੇਰੀ ਬੋਲ-ਚਾਲ ਪਹਿਲਾਂ ਕਦੇ ਨਾਲੋਂ ਕਿਤੇ ਜ਼ਿਆਦਾ ਗ਼ੈਰ-ਕੁਦਰਤੀ ਅਤੇ ਕਠੋਰ ਹੋ ਗਈ ਸੀ। ਇੱਥੋਂ ਤਕ ਕਿ ਬਜ਼ੁਰਗ ਸ਼੍ਰੀਮਤੀ ਓਜੋਗਿਨ, ਉਹ ਨੀਮ-ਪਾਗ਼ਲ ਪ੍ਰਾਣੀ, ਇਸ ਤਰ੍ਹਾਂ ਕਹਿ ਲਓ, ਮੇਰੇ ਕੋਲੋਂ ਡਰਨ ਲੱਗ ਪਈ ਸੀ। ਉਸ ਨੂੰ ਪਤਾ ਨਹੀਂ ਲੱਗਦਾ ਮੇਰੇ ਤਕ ਪਹੁੰਚ ਕਿਸ ਪਾਸੇ ਤੋਂ ਕਰੇ? ਬਿਜ਼ਮੇਨਕੋਫ ਜੋ ਹਮੇਸ਼ਾ ਸਲੀਕੇ ਅਤੇ ਨਿਮਰਤਾ ਨਾਲ ਵਰਤਦਾ ਸੀ। ਉਹ ਵੀ ਮੇਰੇ ਕੋਲੋਂ ਬਚਣ ਦੀ ਕੋਸ਼ਿਸ਼ ਕਰਨ ਲੱਗਾ। ਮੈਨੂੰ ਸ਼ੱਕ ਹੋਣ ਲੱਗ ਪਿਆ ਸੀ ਕਿ ਉਹ ਵੀ ਮੇਰੇ ਦੁੱਖਾਂ ਦਾ ਭਿਆਲ ਸੀ - ਕਿ ਉਹ