ਪੰਨਾ:Mumu and the Diary of a Superfluous Man.djvu/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

96

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਜ਼ਿੰਦਗੀ ਵਿਚ ਹੰਢਾਇਆ ਹੋਵੇਗਾ। ਖੁੱਭੀਆਂ ਹੋਈਆਂ ਨਿਗਾਹਾਂ, ਕੋਮਲ ਖੁਸ਼ੀਆਂ, ਮਾਸੂਮ ਆਤਮ-ਸਮਰਪਣ, ਬਾਲਪਣ ਅਤੇ ਨਾਰੀਪਣ ਦੇ ਘੋਲ ਵਿਚ ਭਿੱਜੀਆਂ ਅਦਾਵਾਂ, ਉਸ ਦੇ ਅੱਧਮੀਟੇ ਬੁੱਲ੍ਹਾਂ ਅਤੇ ਕਿਰਮਚੀ ਹੋ ਰਹੀਆਂ ਗੱਲ੍ਹਾਂ 'ਤੇ ਅਠਖੇਲੀਆਂ ਕਰਦੀ। ਉਹ ਸਦਾ ਖਿੜੀ-ਖਿੜੀ ਰਹਿਣ ਵਾਲੀ ਮੁਸਕਰਾਹਟ ਮੈਨੂੰ ਕਦੇ ਨਹੀਂ ਭੁੱਲੇਗੀ।

ਲੀਜ਼ਾ ਨੇ ਜੰਗਲ ਵਿਚ ਸਾਡੀ ਸੈਰ ਕਰਨ ਸਮੇਂ ਜੋ ਧੁੰਦਲੇ ਜਿਹੇ ਸੁਪਨੇ ਦੇਖੇ ਸੀ। ਹੁਣ ਉਹ ਸਾਕਾਰ ਹੋ ਗਏ ਸਨ। ਉਸ ਨੇ ਆਪਣਾ ਸਮੁੱਚਾ ਆਪਾ ਪੂਰੀ ਤਰ੍ਹਾਂ ਪਿਆਰ ਦੇ ਪੱਲੇ ਪਾ ਦਿੱਤਾ ਸੀ ਇੰਝ ਕਹਿ ਲਿਆ ਜਾਵੇ ਕਿ ਉਹ ਸ਼ਾਂਤ ਅਤੇ ਨਿਰਮਲ ਹੋ ਗਈ ਸੀ ਜਿਸ ਤਰ੍ਹਾਂ ਤਾਜ਼ਾ ਸ਼ਰਾਬ ਜਦੋਂ ਪੂਰੀ ਬਣ ਜਾਂਦੀ ਹੈ ਤਾਂ ਖ਼ਮੀਰ ਦਾ ਉਬਾਲ ਨਹੀਂ ਆਉਂਦਾ।

ਓਸ ਪੂਰੀ ਸ਼ਾਮ ਅਤੇ ਹੋਰ ਕਈ ਸ਼ਾਮਾਂ ਅੰਤ ਤਕ ਉੱਥੇ ਬੈਠਣ ਦਾ ਧੀਰਜ ਮੇਰੇ ਪੱਲੇ ਸੀ। ਮੈਂ ਕੋਈ ਆਸ ਨਹੀਂ ਰੱਖ ਸਕਦਾ ਸੀ। ਲੀਜ਼ਾ ਅਤੇ ਪ੍ਰਿੰਸ ਇਕ ਦੂਜੇ ਨਾਲ ਵਧੇਰੇ ਜੁੜ ਚੁੱਕੇ ਸਨ ਪਰ ਮੇਰੀ ਸਵੈ-ਮਾਣ ਦੀ ਭਾਵਨਾ ਪੂਰੀ ਤਰ੍ਹਾਂ ਮਿਟ ਗਈ ਸੀ। ਮੈਂ ਆਪਣੇ ਆਪ ਨੂੰ ਆਪਣੀ ਬਦਕਿਸਮਤੀ ਦੇ ਦ੍ਰਿਸ਼ ਤੋਂ ਅੱਡ ਨਾ ਕਰ ਸਕਿਆ। ਇਕ ਵਾਰ ਜਦੋਂ ਮੈਂ ਉੱਥੇ ਨਾ ਜਾਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੇ ਸਨਮਾਨ ਦੀ ਸਹੁੰ ਖਾਧੀ ਕਿ ਮੈਂ ਸਾਰੀ ਸ਼ਾਮ ਘਰ ਹੀ ਰਹਾਂਗਾ ਪਰ ਜਦੋਂ ਹੀ ਘੜੀ ਨੇ ਅੱਠ ਵਜਾਏ (ਮੇਰੇ ਜਾਣ ਦਾ ਆਮ ਸਮਾਂ ਸੱਤ ਵਜੇ ਦਾ ਹੁੰਦਾ ਸੀ।) ਮੈਂ ਆਪਣੀ ਟੋਪੀ ਪਹਿਨੀ ਅਤੇ ਓਜੋਗਿਨਾਂ ਵੱਲ ਭੱਜ ਨਿਕਲਿਆ। ਮੇਰੀ ਹਾਲਤ ਬਹੁਤ ਖ਼ਰਾਬ ਸੀ। ਮੈਂ ਕਈ ਦਿਨਾਂ ਤਕ ਇਕ ਆਵਾਜ਼ ਤਕ ਮੂੰਹੋਂ ਨਾ ਕੱਢੀ। ਮੈਂ ਭਾਸ਼ਣਾਂ ਵਿਚ ਪਹਿਲਾਂ ਵੀ ਕਦੇ ਵਧੀਆ ਨਹੀਂ ਸੀ, ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਪਰ ਉਸ ਸਮੇਂ ਜੇ ਕੁਝ ਸ਼ਬਦ ਮੇਰੀ ਜ਼ਬਾਨ 'ਤੇ ਆਉਣ ਲੱਗਦੇ ਪ੍ਰਿੰਸ ਦੇ ਹਾਜ਼ਰ ਹੋਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੇ ਸਨ। ਮੈਂ ਅਜਿਹੇ ਬਾਜ਼ ਵਾਂਗ ਮਹਿਸੂਸ ਕਰਦਾ ਜਿਸ ਦੇ ਪਰ ਗੁਆਚ ਗਏ ਹੋਣ। ਇਸ ਦੇ ਇਲਾਵਾ ਜਦੋਂ ਮੈਂ ਇਕੱਲਾ ਹੁੰਦਾ ਜੋ ਮੈ ਪਿਛਲੀ ਸ਼ਾਮ ਦੇ ਦੌਰਾਨ ਕੁਝ ਵੇਖਿਆ/ਵਾਚਿਆ ਹੁੰਦਾ ਸੀ, ਉਸ ਦਾ ਵਿਸ਼ਲੇਸ਼ਣ ਕਰਨ ਵਿਚ ਮੈਂ ਆਪਣੇ ਵਿਚਾਰੇ ਦਿਮਾਗ਼ 'ਤੇ ਏਨਾ ਭਾਰ ਪਾ ਦਿੰਦਾ ਕਿ ਅਗਲੀ ਸ਼ਾਮ ਜਦੋਂ ਮੈਂ ਓਜੋਗਿਨਾਂ ਦੇ ਘਰ ਜਾਂਦਾ ਤਾਂ ਮੈਂ ਕੁਝ ਵੀ ਦੇਖਣ ਵਾਚਣ ਦੇ ਅਸਮਰੱਥ ਹੁੰਦਾ ਸੀ। ਓਜੋਗਿਨ ਮੇਰੇ ਨਾਲ ਦਇਆ ਅਤੇ ਹਮਦਰਦੀ ਨਾਲ ਵਿਚਰਦੇ, ਜਿਵੇਂ ਮੈਂ ਬਿਮਾਰ ਵਿਅਕਤੀ ਹੋਵਾਂ। ਮੈਂ ਇਹ ਵੀ ਤਾੜ ਲਿਆ ਸੀ।

ਮੈਂ ਸਵੇਰੇ ਹਰ ਰੋਜ਼ ਨਵਾਂ ਅਤੇ ਪੱਕਾ ਇਰਾਦਾ ਬਣਾਉਂਦਾ ਜੋ ਕਿ ਰਾਤ ਦੇ ਉਨੀਂਦਰੇ ਦੇ ਕਸ਼ਟ ਦਾ ਨਤੀਜਾ ਹੁੰਦਾ ਸੀ।