ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵਰਜ਼ਿਸ਼, ਗਲੇ ਨੂੰ ਅੰਦਰੋਂ ਸਾਫ਼ ਰਖਣ ਦੀ ਆਦਤ ਪਾਣੀ ਚਾਹੀਦੀ ਹੈ । ਖੁਲੀ ਪੌਣ ਵਿਚ ਰੋਜ਼ਾਨਾ ਡੂੰਘੇ ਸਾਹ ਲਏ ਜਾਣ, ਤੇ ਕਿਸੇ ਨਦੀ ਦੇ ਕੰਢੇ ਜਾਂ ਬਾਗ ਦੀ ਨਿਵੇਕਲੀ ਨੁਕਰ ਵਿਚ ਇਕਲਿਆਂ ਬਹਿ ਕੇ ਆਪਣੀ ਆਵਾਜ਼ ਆਪਣੇ ਆਪ ਨੂੰ ਸੁਣਾਈ ਜਾਏ, ਤੇ ਆਪ ਉਹਦੀ ਨਕਤਾਚੀਨੀ ਕੀਤੀ ਜਾਏ । ਮਿੱਠੀ ਆਵਾਜ਼ ਵਾਲਿਆਂ ਦੇ ਲਹਿਜੇ ਵਿਚੋਂ ਇਸ਼ਾਰੇ ਜਾਣ। ਆਵਾਜ਼ ਦੇ ਬਾਅਦ ਲਫ਼ਜ਼ਾਂ ਦੀ ਚੋਣ ਬੜੀ ਸੁਹਣੀ ਤੇ ਸੁਖਾਵੀਂ ਹੋਵੇ। ਖ਼ੁਸ਼ ਬੋਲ ਇਸਤ੍ਰੀਆਂ ਮਰਦਾਂ ਦੀ ਬੋਲੀ ਧਿਆਨ ਨਾਲ ਸੁਣੀ ਜਾਏ, ਉਨਾਂ ਦੇ ਲਫ਼ਜ਼ ਤੇ ਫ਼ਿਕਰੇ ਨੋਟ ਕੀਤੇ ਜਾਣ, ਕਿਤਾਬਾਂ ਵਿਚੋਂ ਸੁਹਣੇ ਸ਼ਬਦ-ਜੋੜ ਆਪਣੀ ਨੋਟ-ਬੁਕ ਵਿਚ ਲਿਖ ਕੇ ਕਦੇ ਕਦੇ ਪੜੇ ਜਾਣ | ਕੋਝੇ ਲਫ਼ਜ਼, ਕੌੜੇ ਲਫ਼ਜ਼, ਚੁਭਵੇਂ ਲਫ਼ਜ਼, ਮੋਟੇ ਲਫ਼ਜ਼, ਔਖੇ ਲਫ਼ਜ਼ ਆਪਣੀ ਬੋਲੀ ਚੋਂ ਚੁਣ ਚੁਣ ਕੇ ਕਢੇ ਜਾਣ । ਲਫ਼ਜ਼ਾਂ ਦੀ ਉਮਰ ਅਮਲਾਂ ਨਾਲੋਂ ਲੰਮੀ ਹੁੰਦੀ ਹੈ । ਅਮਲ ਭੁਲ ਜਾਂਦੇ ਹਨ, ਲਫ਼ਜ਼ ਨਹੀਂ ਭੁਲਦੇ । ਅਮਲਾਂ ਦੀ ਤਸਵੀਰ ਹਰ ਵੇਲੇ ਨਹੀਂ ਖਿਚੀ ਜਾ ਸਕਦੀ, ਪਰ ਲਫ਼ਜ਼ਾਂ ਨੂੰ ਬੜੀ ਆਸਾਨੀ ਨਾਲ ਕਲਮ-ਬੰਦ ਕੀਤਾ ਜਾ ਸਕਦਾ ਹੈ - ਤੇ ਇਹ ਸਦੀਆਂ ਸੁਖਾਂਦੇ ਜਾਂ ਦੁਖਾਂਦੇ ਰਹਿੰਦੇ ਹਨ |
ਬੋਲੀ ਨਾਲੋਂ ਆਤਮਾ ਦਾ ਜ਼ਿਆਦਾ ਸਹੀ ਰੂਪ ਦਸਣ ਵਾਲਾ ਹੋਰ ਕੋਈ ਅਮਲ ਨਹੀਂ। ਜਿਸ ਦੀ ਬੋਲੀ ਵਿਚ ਕੋਈ ਕੋਝਾ ਸ਼ਬਦ ਨਹੀਂ, ਉਹਦੀ ਆਤਮਾ ਵਿਚ ਕੋਈ ਕੋਝਾ ਖ਼ਿਆਲ ਨਹੀਂ । ਹਰ ਕੋਈ ਆਪਣੀ ਬੋਲੀ ਨੂੰ ਪਰਖ ਕੇ ਆਪਣੇ ਸਦਾਚਾਰ ਦਾ ਅੰਦਾਜ਼ਾ ਲਾ ਸਕਦਾ ਹੈ। ਜਿੰਨੇ ਈਰਖਾ ਭਰੇ ਸ਼ਬਦ ਤੁਸਾਂ ਦਿਨ ਵਿਚ ਬੋਲੇ ਹਨ, ਜਿੰਨੇ ਨਿੰਦਾ ਭਰੇ, ਜਿੰਨੇ ਵੈਰ ਭਰੇ, ਜਿੰਨੇ ਗਾਲਾਂ ਭਰੇ, ਜਿੰਨੇ ਦੁਸ਼ਮਨੀ ਭਰੇ, ਜਿੰਨੇ ਬਦ ਅਸੀਸ ਭਰੇ ਲਫ਼ਜ਼ ਤੁਸਾਂ ਸਾਰੇ ਦਿਨ ਵਿਚ ਜਾਂ ਮਹੀਨੇ ਵਿਚ ਵਰਤੇ ਹਨ, ਓਨਾਂ ਹੀ ਖੋਟ ਤੁਹਾਡੇ ਦਿਲ

੯੫