ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਲੇ ਮੇਰੀ ਉਮਰ ਸਾਢੇ ਅਠਾਰਾਂ ਸਾਲ ਦੀ ਸੀ।
ਬਿਨਾ ਸਲਾਹ ਕੀਤੇ ਮੈਂ ਨੌਕਰੀ ਛਡ ਆਇਆ। ਪਤਨੀ ਨੂੰ ਲਿਖੀ ਕਹਾਣੀ ਸੁਣਾਈ। ਉਹਨੂੰ ਮਨਾ ਲਿਆ। ਪਰ ਮਾਤਾ ਜੀ ਨਾ ਮੰਨਣ, ਉਹ ਆਖਣ ਕਿ ਜੇ ਮੈਂ ਪੜ੍ਹਨਾ ਹੀ ਹੈ, ਤਾਂ ਦੁਕਾਨ ਵੇਚ ਲਵਾਂ, ਹੋਰ ਤੀਜਾ ਮਕਾਨ ਵੇਚ ਲਵਾਂ, ਜਿਹੜੇ ਕੌਈ ਗਹਿਣੇ ਉਹਨਾਂ ਦੇ ਬਚੇ ਹੋਏ ਹਨ, ਉਹ ਵੇਚ ਲਵਾਂ, ਪਰ ਪਤਨੀ ਦੇ ਨਾ ਵੇਚਾਂ । ਸਜ ਵਿਆਹੀ ਬੁੱਚੀ ਨੂੰਹ ਨੂੰ ਲੋਕ ਕੀ ਆਖਣਗੇ । ਮੈਂ ਆਪਣੀ ਪਤਨੀ ਕੋਲੋਂ ਲਿਖਾ ਲਿਆ ਕਿ ਉਹ ਕਦੇ ਜ਼ੇਵਰ ਨਹੀਂ ਪਹਿਨੇਗੀ। ਤੇ ੧੯੧੩ ਤੋਂ ਲੈ ਕੇ ਅਜ ਤਕ, ਉਹਨਾਂ ਛਾਪ ਤਕ ਨਹੀਂ ਪਾਈ, ਕੋਈ ਚੂੜੀ ਤਕ ਨਹੀਂ ਪਹਿਨੀ । ਬੰਬਈ ਵਿਚ ਚੂੜੀ ਸੁਹਾਗ ਦੀ ਨਿਸ਼ਾਨੀ ਹੈ, ਤੇ ਉਥੇ ਜਦੋਂ ਮੈਂ ਐਂਜੀਨੀਅਰ ਸਾਂ, ਅਸੀਂ ਚੂੜੀਆਂ ਖ਼ਰੀਦ ਵੀ ਸਕਦੇ ਸਾਂ, ਪਰ ਮੇਰੀ ਪਤਨੀ ਨੇ ਚੂੜੀ ਤਾਂ ਕਿਤੇ ਰਹੀ ਸੋਨੇ ਦਾ ਬਟਨ ਤਕ ਨਹੀਂ ਵਰਤਿਆ ।

ਓੜਕ ਮਾਤਾ ਜੀ ਮੰਨ ਗਏ, ਜ਼ੇਵਰ ਵੇਚੇ ਗਏ । ਕਿਸੇ ਸਲਾਹ ਦਿਤਾ ਮੈਂ ਰੜਕੀ ਓਵਰਸੀਅਰੀ ਦਾ ਇਮਤਿਹਾਨ ਦਿਆਂ । ਮੇਰਾ ਖ਼ਿਆਲ ਸੀ ਉਥੇ ਹਿੰਦੁਸਤਾਨ ਦੇ ਲਾਇਕ ਮੁੰਡੇ ਜਾਂਦੇ ਹਨ, ਮੈਨੂੰ ਆਪਣੀ ਬਾਬਤ ਕੋਈ ਭਰੋਸਾ ਨਹੀਂ ਸੀ । ਨਾਲੇ ਮਹੀਨਾ ਵੀ ਇਕੋ ਬਾਕੀ ਸੀ । ਇਮਤਿਹਾਨ ਦੇ ਦਿਤਾ। ਨਤੀਜਾ ਬੜਾ ਅਜੀਬ ਨਿਕਲਿਆ, ਬਹੁਤਿਆਂ ਮਜ਼ਮੂਨਾਂ ਵਿਚ ਮੈਂ ਅਵਲ ਜਾਂ ਕਿਸੇ ਵਿਚ ਲਗ ਪਗ ਅਵਲ, ਪਰ ਡਰਾਇੰਗ ਵਿਚ ਸੌ ਵਿਚੋਂ ਸਿਰਫ਼ ਦੋ ਨੰਬਰ । ਮੇਰਾ ਦਿਲ ਬੜਾ ਵਧ ਗਿਆ | ਅਗਲੇ ਵਰ੍ਹੇ ਮੈਂ ਫੇਰ ਤਿਆਰੀ ਕੀਤੀ । ਮੈਂ ਮੁਕਾਬਲੇ ਵਿਚ ਅੱਵਲ ਆ ਗਿਆ। ਵਜ਼ੀਫ਼ਾ ਮਿਲ ਗਿਆ ।

ਪਰ ਇਹ ਸਮਾਂ ਵੀ ਮੇਰੀ ਜ਼ਿੰਦਗੀ ਦਾ ਅਜੀਬ ਸਮਾਂ ਸੀ । ਧਾਰਮਕ ਰੁਚੀਆਂ ਮੇਰੀਆਂ ਸ਼ੁਰੂ ਤੋਂ ਸਨ । ਮੈਂ ਯਾਰਾਂ ਸਾਲ ਦੀ

੧੦