ਪੰਨਾ:Macbeth Shakespeare in Punjabi by HS Gill.pdf/76

ਇਹ ਸਫ਼ਾ ਪ੍ਰਮਾਣਿਤ ਹੈ


ਕੁੱਲ ਜਹਾਨ ਦੀ ਕੁੱਲ ਏਕਤਾ,ਭੰਗ ਕਰਨੀ,ਤਰਥੱਲ ਮਚਾਉਣੈ।
ਮੈਕਡਫ:ਓ ਸਕਾਟਲੈਂਡ! ਹਾਏ ਓ ਸਕਾਟਲੈਂਡ, ਫੁੱਟੀ ਕਿਸਮਤ ਤੇਰੀ!
ਮੈਕਲਕੌਲਮ:ਮੇਰੇ ਜਹੇ ਨੂੰ ਰਾਜ ਕਰਨ ਦੇ ਯੋਗ ਜੇ ਸਮਝੋਂ, ਤਾਂ ਫਿਰ ਬੋਲੋ:
ਪਰ ਮੈਂ ਉਹੀ ਹਾਂ ਜੋ ਮੈਂ ਦੱਸਿਐ।
ਮੈਕਡਫ:ਰਾਜ ਦੇ ਯੋਗ!- ਨਹੀਂ, ਬਿਲਕੁਲ ਨਹੀਂ: ਜੀਵਤ ਰਹਿਣ ਦੇ ਯੋਗ ਨਹੀਂ।-
ਹਾਏ ਨੀਂ ਦੁਖਿਆਰੀ ਕੌਮੇ!-
ਅਣਅਧਿਕਾਰਤ ਇੱਕ ਜ਼ਾਲਮ ਨੇ, ਖੂਨੀ ਰਾਜ-ਡੰਡ ਹੈ ਫੜਿਆ,
ਅਸਲੀ ਵਾਰਸ ਤਾਜ-ਤਖਤ ਦਾ, ਨਿੱਜ-ਰੋਕ-ਸਰਾਪ ਗ੍ਰੱਸਿਆ,
ਨਸਲ ਆਪਣੀ, ਖਾਨਦਾਨੀ ਨੂੰ, ਆਪਣੇ ਮੂੰਹ ਤ੍ਰਿਸਕਾਰਿਤ ਕਰਦੈ;
ਕਦ ਫਿਰ ਤੇਰੇ ਦਿਨ ਫਿਰਨਗੇ, ਕਦ ਫਿਰ ਪਰਤਣ ਖੁਸ਼ੀਆਂ?-
ਤੇਰਾ ਸ਼ਾਹ ਪਿਤਾ ਸੀ ਜਿਹੜਾ, ਸੱਚਾ ਸੰਤਸਿਪਾਹੀ ਸੀ ਉਹ ਰਾਜਾ,
ਜਿਸ ਮਲਿਕਾ ਨੇ ਜਾਇਆ ਤੈਨੂੰ, ਅਕਸਰ ਸਜਦੇ ਡਿੱਗੀ ਦਿਸਦੀ,
ਸਿੱਧੀ ਖੜੀ ਘੱਟ ਹੀ ਦਿਸਦੀ , ਜੀਵਨ ਪੂਰਾ ਲੰਘਿਆ ਏਦਾਂ।
ਅਲਵਿਦਾਅ!-ਜੋ ਬਦੀਆਂ ਤੂੰ ਸਿਰ ਲਾਈਐਂ ਆਪਣੇ,
ਸਕਾਟਲੈਂਡ ਤੋਂ ਦੇਸ ਨਿਕਾਲਾ, ਇਹ ਮੇਰਾ ਬਣ ਗਈਆਂ।-
ਹਾਏ ਦਿਲਾ! ਹੁਣ ਆਸ਼ਾ ਮੋਈ , ਖਤਮ ਕਹਾਣੀ ਪੂਰੀ ਹੋਈ!
ਮੈਲਕੌਲਮ:ਮੈਕਡਫ, ਅਤਿ ਸ੍ਰੇਸ਼ਟ ਇਸ ਜਜ਼ਬੇ ਤੇਰੇ, ਈਮਾਨ, ਧਰਮ, ਨੇਕੀ ਦੇ ਜਾਏ,
ਸ਼ੰਕਿਆਂ ਵਾਲੀ ਕਾਲਖ ਸਾਰੀ , ਰੂਹ ਮੇਰੀ ਤੋਂ ਧੋ ਛੱਡੀ ਹੈ;
ਆਤਮ-ਸਨਮਾਨ, ਸੱਚਾਈ ਤੇਰੀ , ਸੋਚ ਨੂੰ ਮੇਰੀ ਟੁੰਬ ਗਈ ਹੈ।
ਸ਼ੈਤਾਨ-ਦਿਮਾਗ਼ ਮੈਕਬੈਥ ਨੇ , ਚੱਲ ਕੇ ਬੜੀਆਂ ਦੀਰਘ ਚਾਲਾਂ,
ਕਈ ਵਾਰ ਫਸਾ ਕੇ ਮੈਨੂੰ, ਕਾਬੂ ਕਰਨ ਦੀ ਕੋਸ਼ਿਸ਼ ਕੀਤੀ ;
ਐਪਰ ਸਿੱਧੜ ਸਿਆਣਪ ਮੇਰੀ,
ਭੋਲੇਪਣ ਵਿਸ਼ਵਾਸ ਕਰਨ ਦੀ ਕਾਹਲ ਨੂੰ ਨੱਥ ਪਾਈਂ ਰੱਖੇ :
ਰਬ ਗਵਾਹ ਇਸ ਸਮਝੌਤੇ ਦਾ, ਜੋ ਆਪਣੇ ਵਿੱਚ ਹੋਇਐ !
ਹੁਣ ਮੈਂ ਏਸੇ ਪਲ ਤੋਂ ਕਰਦਾਂ, ਖੁਦ ਨੂੰ ਤੇਰੀ ਹਦਾਇਤ ਹਵਾਲੇ,
ਨਾਲੇ ਨਿੰਦ-ਨਿਰਾਦਰ ਸਾਰਾ ਵਾਪਸ ਲੈਨਾ, ਜੋ ਮੈਂ ਆਪੂੰ ਆਪਣਾ ਕੀਤਾ;
ਦਾਗ਼, ਧੱਬੇ, ਦੋਸ਼ ਜੋ ਸਾਰੇ, ਸਿਰ ਆਪਣੇ ਸੀ ਪਹਿਲਾਂ ਲਾਏ,
ਮੇਰੀ ਫਿਤ੍ਰਤ ਵਿੱਚ ਨਹੀਂ ਹਨ, ਇਸੇ ਲਈ ਇਨਕਾਰੀ ਹੁੰਨਾਂ।
ਔਰਤ ਹੁਣ ਥੀਂ ਕਦੇ ਨਹੀਂ ਮਾਣੀ; ਝੂਠੀ ਕਸਮ ਕਦੇ ਨਹੀਂ ਖਾਧੀ
ਆਪਣੀ ਕਿਸੇ ਵਸਤ ਲਈ ਵੀ, ਮਨ ਕਦੇ ਲਲਚਾਇਆ ਨਾਂਹੀਂ;
ਧਰਮ/ਈਮਾਨ ਦਾ ਕਦੇ ਵੀ ਪੱਲਾ, ਹਾਲੇ ਤੱਕ ਤਾਂ ਛੱਡਿਆ ਨਾਂਹੀਂ;
ਸ਼ੈਤਾਨ ਦੇ ਸਾਥੀ ਕੋਲ ਵੀ ਉਹਦੀ, ਚੁਗ਼ਲੀ ਕਦੇ ਕਰਾਂ ਨਾਂ;
ਆਪਣੀ ਮਿੱਠੀ ਜਿੰਦੜੀ ਨਾਲੋਂ, ਸੱਚ ਨੂੰ ਘੱਟ ਪਿਆਰ ਕਰਾਂ ਨਾਂ:

75