ਪੰਨਾ:Khapatvaad ate Vatavaran Da Nuksan.pdf/37

ਇਹ ਸਫ਼ਾ ਪ੍ਰਮਾਣਿਤ ਹੈ

ਲਈ 73 ਕ੍ਰੋੜ ਡਾਲਰ ਰਾਖਵੇਂ ਰੱਖੇ ਸਨ। ਇਸ ਦੇ ਨਾਲ ਹੀ ਸਰਕਾਰ ਨੇ ਛੋਟੀਆਂ ਕਾਰਾਂ ਖ੍ਰੀਦਣ ਵਾਲਿਆਂ ਨੂੰ ਅੱਧੇ ਖ੍ਰੀਦ ਟੈਕਸ ਦੀ ਛੋਟ ਦਿੱਤੀ ਸੀ। 83 ਜਰਮਨੀ ਨੇ ਸੰਨ 2009 ਵਿੱਚ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਵਾਲਿਆਂ ਨੂੰ ਢਾਈ ਹਜ਼ਾਰ ਯੂਰੋ ਦਾ ਸਕਰੈਪਿੰਗ ਬੋਨਸ ਦੇਣ ਦਾ ਫੈਸਲਾ ਕੀਤਾ ਸੀ। 84 ਸਰਕਾਰਾਂ ਵਲੋਂ ਅਪਣਾਈਆਂ ਇਹਨਾਂ ਨੀਤੀਆਂ ਕਾਰਨ ਇਹਨਾਂ ਦੇਸ਼ਾਂ ਵਿੱਚ ਕਾਰਾਂ ਦੀ ਵਿਕਰੀ ਕਾਫੀ ਵਾਧਾ ਹੋਇਆ ਸੀ।

ਪਿਛਲੇ ਡੇਢ-ਦੋ ਦਹਾਕਿਆਂ ਤੋਂ ਸਰਕਾਰਾਂ ਵਲੋਂ ਆਪਣੇ ਖਰਚਿਆਂ ਵਿੱਚ ਕਟੌਤੀਆਂ ਕਰਨ ਦੇ ਨਾਂ ਉੱਤੇ ਵਿਦਿਆ ਅਤੇ ਸਿਹਤ ਵਰਗੀਆਂ ਸੇਵਾਵਾਂ ਨੂੰ ਸਰਕਾਰੀ ਪੱਧਰ ਉੱਤੇ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਦਾ ਵਰਤਾਰਾ ਸੰਸਾਰ ਪੱਧਰ ਉੱਤੇ ਵਾਪਰ ਰਿਹਾ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਨੀਤੀਆਂ ਆਪਣੇ ਆਪ ਅਪਣਾਈਆਂ ਹਨ ਪਰ ਬਹੁਤ ਦੇਸ਼ਾਂ ਦੀਆਂ ਸਰਕਾਰਾਂ ਉੱਤੇ ਇਹ ਨੀਤੀਆਂ ਅੰਤਰਰਾਸ਼ਟਰੀ ਮੁਦਰਾ ਫੰਡ (ਇੰਟਰਨੈਸ਼ਨਲ ਮੌਨਟਰੀ ਫੰਡ) ਵਰਗੀਆਂ ਸੰਸਥਾਵਾਂ ਨੇ ਠੋਸੀਆਂ ਹਨ। ਇਹਨਾਂ ਨੀਤੀਆਂ ਕਾਰਨ ਵਿਦਿਅਕ ਅਤੇ ਸਿਹਤ ਅਦਾਰਿਆਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਖਰਚਿਆਂ ਲਈ ਪੈਸੇ ਨਿੱਜੀ ਖੇਤਰ ਵਿੱਚੋਂ ਇਕੱਤਰ ਕਰਨ। ਨਤੀਜੇ ਵਜੋਂ ਇਹ ਅਦਾਰੇ ਪੈਸੇ ਇਕੱਤਰ ਕਰਨ ਲਈ ਵੱਡੀਆਂ ਕਾਰਪੋਰੇਸ਼ਨਾਂ ਦੀ ਇਸ਼ਤਿਹਾਰਬਾਜ਼ੀ ਲੈਣ ਲਈ ਮਜ਼ਬੂਰ ਹੋ ਰਹੇ ਹਨ, ਅਤੇ ਇਸ ਇਸ਼ਤਿਹਾਰਬਾਜ਼ੀ ਰਾਹੀਂ ਖਪਤਵਾਦ ਦੇ ਪਸਾਰ ਦਾ ਮਾਧਿਅਮ ਬਣ ਰਹੇ ਹਨ। ਇਸ ਬਾਰੇ ਵਿਦਿਅਕ ਖੇਤਰ ਵਿੱਚੋਂ ਕੁਝ ਉਦਾਹਰਨਾਂ ਪੇਸ਼ ਹਨ। ਇਕ ਅਧਿਅਨ ਅਨੁਸਾਰ ਅਮਰੀਕਾ ਦੇ ਦੋ ਤਿਹਾਈ ਸਕੂਲ ਸੋਡਾ ਅਤੇ ਫਾਸਟ ਫੂਡ ਵੇਚਣ ਵਾਲੀਆਂ ਮਸ਼ੀਨਾਂ ਤੋਂ ਹੋਣ ਵਾਲੀ ਆਮਦਨ ਵਿੱਚੋਂ ਹਿੱਸਾ ਲੈਂਦੇ ਹਨ ਅਤੇ ਇਕ ਤਿਹਾਈ ਸਕੂਲਾਂ ਨੂੰ ਸੋਡਾ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਵਿੱਤੀ ਇਨਾਮ ਦਿੱਤੇ ਜਾਂਦੇ ਹਨ ਜਦੋਂ ਉਹਨਾਂ ਦੇ ਸਕੂਲਾਂ ਵਿੱਚ ਇਕ ਮਿੱਥੀ ਹੱਦ ਤੋਂ ਵੱਧ ਸੋਡੇ ਦੀ ਵਿਕਰੀ ਹੋਵੇ। ਇਸ ਹੀ


83 Fangfang Li (12 January 2010). Stimulus cash helps drive auto industry to success. China Daily. Downloaded on July 11, 2011 from: http://www.chinadaily.com.cn/cndy/2010- 01/12/content 9303553.htm


84 'Scrapping Bonus' Injects Life into German Car Sales. Spiegel Online International. Downloaded on July 11, 2011 from: http://www.spiegel.de/international/business/0,1518,603 233,00.html

37