ਪੰਨਾ:Khapatvaad ate Vatavaran Da Nuksan.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹੋਵੇਗੀ। ਉਹਨਾਂ ਦੇ ਇਕ ਡਿਜ਼ਾਇਨਰ ਨੇ ਬੋਤਲ ਉੱਪਰ ਪੇਚਾਂ ਵਾਲਾ ਚੁੱਕਣ ਲਾ ਦਿੱਤਾ ਜਿਸ ਨੂੰ ਖੋਲ੍ਹ ਕੇ ਹੀ ਸ਼ੈਂਪੂ ਕੱਢਿਆ ਜਾ ਸਕਦਾ ਸੀ। ਇਸ ਢੱਕਣ ਵਾਲੀ ਬੋਤਲ ਵਿੱਚੋਂ ਸੈਂਪੂ ਬਾਹਰ ਕੱਢਣ ਸਮੇਂ ਬਹੁਤੀ ਵਾਰੀ ਬੋਤਲ ਦੇ ਡਿੱਗ ਪੈਣ ਜਾਂ ਬੋਤਲ ਦੇ ਤਿਲਕ ਜਾਣ ਕਾਰਨ ਲੋੜ ਤੋਂ ਕਿਤੇ ਜ਼ਿਆਦਾ ਸੈਂਪ ਬਾਹਰ ਡੁਲ੍ਹ ਜਾਂਦਾ ਸੀ। ਕੰਪਨੀ ਦੇ ਇਕ ਵੱਡੇ ਅਧਿਕਾਰੀ ਅਨੁਸਾਰ ਸਿਰਫ ਢੱਕਣ ਦੀ ਇਸ ਤਬਦੀਲੀ ਕਰਕੇ ਹੀ ਉਹ ਕਈ ਅਰਬਾਂ ਡਾਲਰਾਂ ਦਾ ਵਾਧੂ ਸ਼ੈਂਪੂ ਵੇਚਣ ਵਿੱਚ ਕਾਮਯਾਬ ਹੋ ਗਏ ਸਨ। ਇਸ ਲਈ ਪੇਚਾਂ ਵਾਲੇ ਢੱਕਣ ਦੀ ਕਾਢ ਕੱਢਣ ਵਾਲੇ ਵਿਅਕਤੀ ਨੂੰ ਉਹਨਾਂ ਦੀ ਕੰਪਨੀ ਦਾ ਸਭ ਤੋਂ ਵੱਡਾ ਹੀਰੋ ਮੰਨਿਆ ਜਾਂਦਾ ਸੀ। 73

ਬੇਸ਼ੱਕ ਵਸਤਾਂ ਨੂੰ ਜਾਣਬੁੱਝ ਕੇ ਅਚੱਲਿਤ ਕਰਨ (ਪਲੈਨਡ ਆਬਸੋਲੇਸੈਂਸ) ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਵਰਤਾਰਾ ਵਸਤਾਂ ਅਤੇ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਲਿਆਉਣ ਲਈ ਬਹੁਤ ਜ਼ਰੂਰੀ ਹੈ, ਪਰ ਇਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਧਰਤੀ ਦੇ ਬਹੁਤ ਜ਼ਿਆਦਾ ਵਸੀਲਿਆਂ ਨੂੰ ਕੂੜੇ ਕਰਕਟ ਵਿੱਚ ਤਬਦੀਲ ਕਰਨ ਦਾ ਕਾਰਨ ਬਣਦਾ ਹੈ। ਇਸ ਨਾਲ ਧਰਤੀ ਦੇ ਕਿੰਨੇ ਕੁ ਵਸੀਲੇ ਖਰਾਬ ਹੁੰਦੇ ਹਨ ਇਹ ਸਮਝਣ ਲਈ ਅਸੀਂ ਸੈੱਲ ਜਾਂ ਮੋਬਾਈਲ ਫੋਨਾਂ ਦੀ ਉਦਾਹਰਨ ਦੇਖ ਸਕਦੇ ਹਾਂ। ਇਕ ਅੰਦਾਜ਼ੇ ਅਨੁਸਾਰ ਇਕ ਔਸਤ ਆਦਮੀ ਹਰ ਸਾਲ ਜਾਂ ਡੇਢ ਸਾਲ ਬਾਅਦ ਆਪਣਾ ਸੈੱਲ ਜਾਂ ਮੋਬਾਈਲ ਫੋਨ ਬਦਲ ਲੈਂਦਾ ਹੈ। ਇਸ ਦੇ ਨਤੀਜੇ ਵਜੋਂ ਸੰਨ 1983 (ਜਦੋਂ ਪਹਿਲਾ ਸੈੱਲ ਫੋਨ ਮਾਰਕੀਟ ਵਿੱਚ ਆਇਆ ਸੀ) ਤੋਂ ਲੈ ਕੇ 2005 ਤੱਕ ਤਕਰੀਬਨ 50 ਕ੍ਰੋੜ ਦੇ ਲਗਭਗ ਸੈੱਲ ਜਾਂ ਮੋਬਾਈਲ ਫੋਨ ਅਚਲਿਤ (ਆਬਸੋਲੀਟ) ਹੋ ਗਏ ਸਨ। ਅਪ੍ਰਚਲਤ ਹੋ ਗਏ ਇਹਨਾਂ ਸੈੱਲ ਫੋਨਾਂ ਦਾ ਭਾਰ 56,000 ਟਨ ਦੇ ਨੇੜੇ ਸੀ। ਇਸ ਸਮੱਗਰੀ ਵਿੱਚ ਵਿੱਚ 7900 ਟਨ ਤਾਂਬਾ, 178 ਟਨ ਚਾਂਦੀ, 17 ਟਨ ਸੋਨਾ, 74 ਟਨ ਪੈਲਾਡੀਅਮ ਅਤੇ 180 ਕਿਲੋਗ੍ਰਾਮ ਪਲਾਟੀਨਮ ਸ਼ਾਮਲ ਸੀ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸੈੱਲ ਫੋਨਾਂ ਦੀ ਇਸ ਸਮੱਗਰੀ ਵਿੱਚ 1 ਫੀਸਦੀ ਤੋਂ ਵੀ ਘੱਟ ਸਮੱਗਰੀ ਰੀਸਾਈਕਲ ਕੀਤੀ ਜਾਂਦੀ ਹੈ। 4 ਇਸ ਦਾ ਭਾਵ ਇਹ ਹੋਇਆ ਕਿ ਦੋ ਦਹਾਕਿਆਂ ਦੇ ਕਰੀਬ ਸਮੇਂ ਵਿੱਚ 50 ਕ੍ਰੋੜ ਸੈੱਲ ਫੋਨਾਂ ਦੇ ਅਚਲਿਤ ਹੋਣ ਨਾਲ ਧਰਤੀ ਦੇ ਏਨੇ ਜ਼ਿਆਦਾ ਵਸੀਲੇ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ। ਵਸਤਾਂ ਦੇ ਉਤਪਾਦਕਾਂ ਤੋਂ ਬਿਨਾਂ ਲੋਕਾਂ ਵਿੱਚ ਖਪਤਵਾਦ ਦਾ ਪਸਾਰ ਕਰਨ ਲਈ ਸੰਚਾਰ ਮੀਡੀਆ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਜੋਕਾ ਮੀਡੀਆ ਆਪਣੀ ਆਮਦਨ ਲਈ ਇਸ਼ਤਿਹਾਰਾਂ 'ਤੇ ਨਿਰਭਰ ਕਰਦਾ ਹੈ। ਇਸ ਲਈ ਉਸ ਦਾ ਰੋਲ ਲੋਕਾਂ ਨੂੰ ਜਾਣਕਾਰੀ ਦੇਣਾ ਨਹੀਂ ਸਗੋਂ ਇਸ਼ਤਿਹਾਰਬਾਜ਼ੀ


73 Dawson, Michael (2003).

74 Friends of the Earth Europe (2009). (p. 25).

33