ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੮੮)


ਜੀਊਣ ਮੱਲ ਨੂੰ ਭੇਜਿਆ ਵਾਰ ਤੀਜੀ ਓਹ ਆਣ ਕੇ ਖੂਬ ਸਮਝਾਵੰਦਾ ਏ
ਲੇਖਾ ਪਿਛਲਾ ਗਿਣਿਆਂ ਓਸ ਸਾਰਾ ਪੈਂਤੀ ਲੱਖ ਹਿਸਾਬ ਕਢਾਵੰਦਾ ਏ
ਪੰਜ ਲੱਖ ਖਿਰਾਜ ਜੋ ਸਾਲ ਦਾ ਸੀ ਦੱਸ ਲੱਖ ਦੋ ਸਾਲਾ ਹੋ ਜਾਵੰਦਾ ਏ
ਸਿਆਲਕੋਟ ਗੁਜਰਾਤ ਦੇ ਪਰਗਣੇ ਦਾ ਪੰਝੀ ਲੱਖ ਮੁਆਮਲਾ ਆਵੰਦਾ ਏ
ਸਾਰਾ ਗਿਣਿਆਂ ਜਾਂ ਜੀਉਣ ਮੱਲ ਬਹਿਕੇ ਮੱਨੂੰ ਮੀਰ ਨ ਦੇਵਣਾ ਚਾਹਵੰਦਾ ਏ
ਸਗੋਂ ਧਮਕੀਆਂ ਦਿਤੀਆਂ ਓਸ ਤਾਈਂ ਤੇ ਬੇਅਦਬੀ ਭਾਰੀ ਕਰਾਵੰਦਾ ਏ
ਲਿਖ ਭੇਜਿਆ ਓਸ ਨੇ ਹਾਲ ਸਾਰਾ ਮੰਨੂੰ ਮੀਰ ਨਾ ਪੱਲਾ ਫੜਾਵੰਦਾ ਏ
ਤੇਰੀ ਕੁਝਨਹੀਂ ਮੂਲੋਂ ਪ੍ਰਵਾਹ ਕਰਦਾ ਓਹ ਪੰਜਾਬ ਦਾ ਸ਼ਾਹ ਕਹਿਲਾਵੰਦਾ ਏ
ਗੁਸੇ ਵਿਚ ਦੁਰਾਨੀ ਕਰਤਾਰ ਸਿੰਘਾ ਭਾਰੀ ਫੌਜ ਲੈ ਕੂਚ ਬੁਲਾਵੰਦਾ ਏ

  • ੧੭੫੦-੫੧ ਈ ਮੁਤਾਬਿਕ ਸੰ:੧੮੦੭-੮ ਵਿਚ ਅਹਿਮਦ ਸ਼ਾਹ ਦਾ ਤੀਸਰਾ ਹਮਲਾ

ਦੰਦ ਪੀਹਕੇ ਮੰਨੂੰ ਤੇ ਕਾਬਲੋਂ ਜੀ ਅਹਿਮਦਸ਼ਾਹ ਕਰਦਾ ਮਾਰੋ ਮਾਰ ਆਯਾ
ਫੌਜ ਕਾਬਲੀ ਲੈ ਕੇ ਨਾਲ ਭਾਰੀ ਹੋ ਵਲ ਲਾਹੌਰ ਅਸਵਾਰ ਆਯਾ
ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਡਰ ਰੱਈਯਤਾਂ ਦੇ ਤਾਈਂ ਭਾਰ ਆਯਾ
ਚੜ੍ਹਿਆ ਰਾਖਸ਼ਾਂ ਦੀ ਫੌਜ ਲੈ ਭਾਰੀ ਕਰਦਾ ਕੂਚ ਚਨਾਬ () ਤੋਂ ਪਾਰ ਆਯਾ
ਧੁੰਮਾਂ ਫੇਰ ਪਈਆਂ ਵਿਚ ਦੇਸ ਸਾਡੇ ਭੇਡਾਂ ਪਾੜਨੇ ਨੂੰ ਬਘਿਆੜ ਆਯਾ
ਸੁਣੀ ਮੱਨੂੰ ਨੇ ਖਬਰ ਕਰਤਾਰ ਸਿੰਘਾ ਅਹਿਮਦਸ਼ਾਹ ਵੱਡਾ ਗੁੱਸਾ ਧਾਰ ਆਯਾ

ਮੀਰ ਮੰਨੂੰ ਦੀਆਂ ਤਿਆਰੀਆਂ

ਮਿੱਟੀ ਮੱਨੂੰ ਨੂੰ ਭੀ ਰੱਬ ਲਾਈ ਸਖਤੀ ਓਸ ਹਿੰਮਤਾਂ ਮੂਲ ਨ ਢਾਈਆਂ ਸਨ
ਜੰਗ ਵਾਸਤੇ ਹੋ ਤਿਆਰ ਬੈਠਾ ਝੱਟ ਮਦਦਾਂ ਸਭ ਮੰਗਾਈਆਂ ਸਨ
ਕੌੜਾ ਮੱਲ ਮੁਲਤਾਨ ਤੋਂ ਆਇਗਿਆ ਫੌਜਾਂ ਪਹੁੰਚੀਆਂ ਕਰਕੇ ਧਾਈਆਂ ਸਨ
ਆ ਗਿਆ ਸਦੀਕ ਸਰਹੰਦ ਵਿਚੋਂ ਓਸ ਹਿੰਮਤਾਂ ਬਹੁਤ ਵਧਾਈਆਂ ਸਨ
ਦੀਨਾ ਬੇਗ ਜਾਲੰਧਰੋਂ ਆਣ ਪਹੁੰਚਾ ਫੌਜਾਂ ਲਿਆ ਲਾਹੌਰ ਬੈਠਾਈਆਂ ਸਨ
ਕਰਮ ਬਖਸ਼ ਜੈਸੇ ਗਏ ਮੱਦਦੀ ਆ ਰਸਦਾਂ ਖਾਨਾਂ ਨੇ ਬਹੁਤ ਪੁਚਾਈਆਂ ਸਨ
ਹੋਇ ਦੇਸ ਦੇ ਆਣ ਅਮੀਰ ਕੱਠੇ ਤੇ ਤਿਆਰੀਆਂ ਬਹੁਤ ਕਰਾਈਆਂ ਸਨ
ਭਾਰਾ ਕੱਠ ਹੋ ਗਿਆ ਕਰਤਾਰ ਸਿੰਘਾ ਮੰਨੂੰ ਕਰ ਲਈਆਂ ਤਕੜਾਈਆਂ ਸਨ


*ਦਸੰਬਰ ੧੭੫੧-ਮਾਰਚ ੧੭੫੨ |

() ਝਨਾਂ ਤੋਂ ਪਾਰ ਹੋਕੇ ਅਬਦਾਲੀ ਨੇ ਵਜ਼ੀਰਾਬਾਦ ਤੇ ਸੋਧਰੇ ਦੇ ਵਿਚਕਾਰ ਡੇਰਾ ਲਾਇਆ ਸੀ ।