ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੭੫)


ਇਨ੍ਹਾਂ ਸਿੰਘਾਂ ਦੇ ਤਈਂ ਕਰਤਾਰ ਸਿੰਘਾ ਮਾਰ ਦੇਸ ਤੋਂ ਬਾਹਰ ਧਕਾਈਏ ਜੀ

ਹਾੜ ੧੮੦੬ ਨੂੰ ਮੀਰ ਮੰਨੂੰ ਨੇ ਗਸ਼ਤੀ ਫੌਜ ਚੜ੍ਹਾਨੀ

ਆਖੇ ਲੱਗਕੇ ਚੰਦਰੇ ਅਹਿਲਕਾਰਾਂ ਮੱਨੂੰ ਆਖਿਆ ਫੌਜਾਂ ਚੜ੍ਹਾਓ ਜਲਦੀ
ਦਿੱਤਾ ਅਫਸਰਾਂ ਨੂੰ ਹੁਕਮ ਤਾੜ ਕਰਕੇ ਸਿੰਘ ਮਾਰਕੇ ਦੇਸੋਂ ਧਕਾਓ ਜਲਦੀ
ਖਤ ਲਿਖੇ ਪਹਾੜੀਆਂ ਰਾਜਿਆਂ ਨੂੰ ਤੁਸੀਂ ਹੁਕਮ ਬਜ਼ਾ ਲਿਆਓ ਜਲਦੀ
ਜਿਹੜੇ ਸਿੰਘ ਪਹਾੜਾਂ ਦੇ ਵਿਚ ਰਹਿੰਦੇ ਜ਼ੋਰ ਪਾ ਕੇ ਬਾਹਰ ਕਢਾਓ ਜਲਦੀ
ਜਿਹੜੇ ਹੱਥ ਆਵਣ ਸਾਰੇ ਕੈਦ ਕਰਕੇ ਸਿਧੇ ਵਿਚ ਲਾਹੌਰ ਪੁਚਾਓ ਜਲਦੀ
ਪਿਆ ਫੇਰ ਬਖੇੜਾ ਕਰਤਾਰ ਸਿੰਘਾ ਲੱਗਾ ਜ਼ੁਲਮ ਦਾ ਹੋਣ ਵਰਤਾਓ ਜਲਦੀ

ਵਾਕ ਕਵੀ

ਗਸ਼ਤੀ ਫੌਜ ਲੱਗੀ ਫਿਰਨ ਦੇਸ ਅੰਦਰ ਪਰਜਾ ਲੁਟ ਹਾਕਮ ਫੇਰ ਖਾਣ ਲੱਗੇ
ਜੰਗੀ ਸਿੰਘ ਤਾਂ ਅੰਮ੍ਰਿਤਸਰ ਕੱਠੇ ਕਿਰਤੀ ਲੋਕਾਂ ਦੇ ਤਾਈਂ ਸਤਾਣ ਲੱਗੇ
ਓਧਰ ਰਾਜੇ ਪਹਾੜਾਂ ਦੇ ਵਿਚੋਂ ਫੜਕੇ ਸਿੰਘਾਂ ਤਾਈਂ ਲਾਹੌਰ ਪੁਚਾਣ ਲੱਗੇ
ਰਲ ਕਾਜ਼ੀ ਮੁੱਲਾਂ ਉਲਮਾ ਸਾਰੇ ਕੱਢ ਮਸਲੇ ਸ਼ਰ੍ਹਾ ਸੁਨਾਣ ਲੱਗੇ
ਕੋਈ ਸਿੰਘ ਨ ਦੀਨ ਕਬੂਲ ਕਰਦਾ ਲਾ ਫਤਵੇ +ਕਤਲ ਕਰਾਣ ਲੱਗੇ
ਲੈ ਕੇ ਮਜ਼੍ਹਬੀ ਆੜ ਕਰਤਾਰ ਸਿੰਘਾ ਦੇਸ ਕਰ ਬਰਬਾਦ ਵਖਾਣ ਲੱਗੇ

ਅੰਮ੍ਰਿਤਸਰ ਤੇ ਫੌਜ ਦੀ ਚੜ੍ਹਾਈ

ਅੰਮ੍ਰਿਤਸਰ ਹੈ ਸਿੰਘਾਂ ਦਾ ਕੱਠ ਭਾਰਾ ਮੱਨੂੰ ਸੁਣਕੇ ਫਿਕਰ ਦੁੜਾਂਵਦਾ ਏ
ਕਰ ਸਿਪਾਹ ਸਾਲਾਰ ਅਜ਼ੀਜ਼ ਖਾਂ ਨੂੰ ਕੌੜਾ ਮੱਲ ਨੂੰ ਨਾਲ ਰਲਾਂਵਦਾ ਏ
ਨਾਸਰ ਅਲੀ ਖਾਂ ਹੈਸੀ ਪਠਾਨ ਕੋਟੀ ਫੌਜਦਾਰ ਬਣ ਕੇ ਓਹ ਭੀ ਧਾਂਵਦਾ ਏ
ਦੀਨਾ ਬੇਗ ਸੂਬਾ ਜੋ ਜਾਲੰਧਰੀ ਸੀ ਮੱਦਦ ਵਾਸਤੇ ਓਹਨੂੰ ਬੁਲਾਂਵਦਾ ਏ
ਕੀਤੇ ਨਾਲ ਪਠਾਣ ਕਸੂਰੀਏ ਭੀ ਜੰਗੀ ਸਾਜ਼ ਸਾਮਾਨ ਦਿਵਾਂਵਦਾ ਏ
ਭਾਰੀ ਫੌਜ ਦੇ ਤਾਈਂ ਤਿਆਰ ਕਰਕੇ ਸੂਬਾ ਸਖਤਾ ਹੁਕਮ ਸੁਣਾਂਵਦਾ ਏ
ਅੰਮ੍ਰਿਤਸਰੋਂ ਸਿੰਘਾਂ ਤਾਈਂ ਮਾਰ ਕੱਢੋ ਮੱਨੂੰ ਬੜਾ ਹੰਕਾਰ ਜਤਾਂਵਦਾ ਏ
ਫੌਜ ਲੈਕੇ ਅਜ਼ੀਜ਼ ਕਰਤਾਰ ਸਿੰਘਾ ਮਾਰੋ ਮਾਰ ਕਰਦਾ ਉਠ ਧਾਂਵਦਾ ਏ

ਸਿੰਘਾਂ ਦੀ ਤਿਆਰੀ

ਖਬਰ ਸਿੰਘਾਂ ਨੂੰ ਪਹਿਲਾਂ ਹੀ ਪੁੱਜ ਗਈ ਬੰਦੋਬਸਤ ਉਨ੍ਹਾਂ ਕਰਵਾਇ ਬਹੁਤੇ


+ਲਤੀਫ ਲਿਖਦਾ ਹੈ ਕਿ ਮੱਨੂੰ ਨੇ ਸਿਖਾਂ ਦਾ ਵੀ ਨਾਸ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਤੇ ਹਰ ਰੋਜ਼ ਸੈਂਕੜੇ ਸਿਖ ਜੰਜ਼ੀਰਾਂ ਨਾਲ ਬੱਧੇ ਲਾਹੌਰ ਆਉਂਦੇ ਅਤੇ ਬੁਰੀ ਤਰਾਂ ਕਤਲਾਏ ਜਾਂਦੇ ਸਨ ।