ਇਹ ਸਫ਼ਾ ਪ੍ਰਮਾਣਿਤ ਹੈ

ਜੌਹਰ ਖਾਲਸਾ

(੨੯)

ਕੀਹ ਲੈਣਾ ਈੰ ਜ਼ਿਦ ਤੇ ਹੱਠ ਕਰਕੇ ਪੜ੍ਹ ਕਲਮਾਂ ਦੀਨ ਇਖਤ੍ਯਾਰ ਕਰ ਲੈ
ਤੇਰਾ ਪਿਉ ਬੁਢਾ ਖਾ ਹੰਢਾ ਚੁਕਾ ਤੂੰ ਆਪਣੇ ਮਨ ਵਿਚਾਰ ਕਰ ਲੈ
ਇਹ ਦੁਨੀਆਂ ਖਿੜਿਆ ਬਾਗ ਸੋਹਣਾ ਸੈਰ ਫਿਰਕੇ ਵਿਚ ਗੁਲਜ਼ਾਰ ਕਰ ਲੈ
ਨਾ ਉਡਾਰੀਆਂ ਮਾਰ ਉਦਾਸ ਹੋਕੇ ਐਸ਼ਾਂ ਇਸ਼ਰਤਾਂ ਵਿਚ ਗੁਜ਼ਾਰ ਕਰ ਲੈ
ਵੇਲਾ ਮੁੜਕੇ ਹੱਥ ਨ ਆਵਣਾ ਇਹ ਖਿੜੇ ਫੁਲ ਤੇ ਭੌਰਾ ਗੁੰਜਾਰ ਕਰ ਲੈ
ਮੇਲੇ ਭਰੇ ਵਿਚੋਂ ਐਵੇਂ ਟੁਰ ਜਾਣਾ ਹੈ ਬਦ ਨਸੀਬੀ ਸ਼ੁਮਾਰ ਕਰ ਲੈ
ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਹੋਰ ਮੌਜ ਮੇਲਾ ਦਿਨ ਚਾਰ ਕਰ ਲੈ

ਸ਼ਾਹਬਾਜ਼ ਸਿੰਘ


ਇਹ ਸੂਬਿਆ ਕਰ ਖਿਆਲ ਹੀ ਨਾ ਬੱਚਾ ਸਿੰਘ ਦਾ ਹੋ ਧਰਮੋਂ ਹਾਰ ਜਾਵਾਂ
ਤੇਰੀ ਮਾਰ ਤੇ ਲੋਭ ਤੋਂ ਥਿੜਕ ਕਰਕੇ ਸਿਰੇ ਚਾੜ੍ਹਕੇ ਕੰਮ ਵਿਗਾੜ ਜਾਵਾਂ
ਤਾਰੂ ਸਿੰਘ ਹੋਰੀ ਜਿਉਂ ਸ਼ਹੀਦ ਹੋਏ ਮੈਂ ਭੀ ਧਰਮ ਤੋਂ ਜਿੰਦੜੀ ਵਾਰ ਜਾਵਾਂ
ਸਿਰ ਦਿਤਿਆਂ ਧਰਮ ਜੇ ਬਚੇ ਮੇਰਾ ਸਸਤਾ ਸੌਦਾ ਹੈ ਕਰ ਵਪਾਰ ਜਾਵਾਂ
ਝੂਠੇ ਯਾਰ ਵਲੋਂ ਦੁਖ ਮਿਲੇ ਜਿਹੜਾ ਸਬਰ ਸ਼ੁਕਰ ਦੇ ਵਿਚ ਸਹਾਰ ਜਾਵਾਂ
ਸਚੇ ਯਾਰ ਦਾ ਦਰਸ ਨਸੀਬ ਹੋਵੇ ਘੋੜੀ ਇਸ਼ਕ ਦੀ ਹੋ ਅਸਵਾਰ ਜਾਵਾਂ
ਤੇਰੀ ਸੂਲੀ ਦੇ ਪਰੇ ਮਹਿਬੂਬ ਦਿਸੇ ਸੋਹਣੀ ਵਾਂਗ ਨਦੀਆਂ ਤਰ ਪਾਰ ਜਾਵਾਂ
ਜਿੰਦ ਤਲੀ ਤੇ ਰੱਖ ਕੇ ਵਾਂਗ ਸੱਸੀ ਦੇਸ ਪੁਨੂੰ ਦੇ ਹੋ ਉਡਾਰ ਜਾਵਾਂ
ਹੰਸ ਫਸ ਗਿਆ ਫਾਹੀ ਕਰਮ ਦੀ ਆ ਕਰ ਕਤਲ ਝੱਬ ਦੇ ਰਲ ਡਾਰ ਜਾਵਾਂ
ਪਈ ਬੁਲਬੁਲ ਪਿੰਜਰੇ ਵਿਚ ਤੜਫੇ ਇਹਨੂੰ ਤੋਰ ਉਡਾਰੀਆਂ ਮਾਰ ਜਾਵਾਂ
ਪੰਛੀ ਫਸਦਾ ਨਹੀਂ ਤੇਰੀ ਚੋਗ ਉਤੇ ਦੇਸ ਮਾਹੀ ਦੇ ਖੰਭ ਖਿਲਾਰ ਜਾਵਾਂ
ਜਾਵਾਂ ਯਾਰ ਦੀ ਗਲੀ ਕਰਤਾਰ ਸਿੰਘਾ ਖੌਫ ਮਰਨ ਦਾ ਮਨੋਂ ਉਤਾਰ ਜਾਵਾਂ

ਸੁਬੇਗ ਸਿੰਘ


ਇਹ ਤਾਂ ਸੂਬਿਆ ਮੂਲੋਂ ਨਹੀਂ ਕਦੇ ਹੋਣੀ ਸਿੰਘ ਹੋ ਕੇ ਦੀਨ ਕਬੂਲ ਕਰੀਏ
ਸੀਸ ਦੇਵਣਾ ਸਹਿਲ ਹੈ ਅਸਾਂ ਤਾਈਂ ਤੇਰੀ ਮਾਰ ਦੇ ਦੁਖੋਂ ਨਾ ਮੂਲ ਡਰੀਏ
ਜਿਵੇਂ ਹੁਕਮ ਕਰਤਾਰ ਦਾ ਵਰਤਣਾ ਉਹ ਤੇਰੇ ਦੁਖਾਂ ਨੂੰ ਖੁਸ਼ੀ ਦੇ ਨਾਲ ਜਰੀਏ
ਸਾਨੂੰ ਮੌਤ ਦਾ ਖੌਫ ਨਹੀਂ ਰਤੀ ਜਿੰਨਾ ਤੇਰੀ ਸੂਲੀ ਤੇ ਹੱਸਦੇ ਚੱਲ ਚੜ੍ਹੀਏ
ਸਤਿਨਾਮ ਦਾ ਵਿਰਦ ਭੁਲਾ ਕਰਕੇ ਕਲਮਾਂ ਤੇਰੇ ਆਖੇ ਨਾਹੀਂ ਮੂਲ ਪੜ੍ਹੀਏ
ਧਰਮੋਂ ਹਾਰੀਏ ਅਸੀਂ ਕਰਤਾਰ ਸਿੰਘਾ ਜਾਣ ਬੁਝ ਕਿਉਂ ਦੋਜਖੀਂ ਪੈ ਸੜੀਏ