ਇਹ ਸਫ਼ਾ ਪ੍ਰਮਾਣਿਤ ਹੈ

(੧੪)

ਜੌਹਰ ਖਾਲਸਾ

ਲਾਯਾ ਜ਼ੋਰ ਨ ਹਾਕਮਾਂ ਘਟ ਵੇਖੋ ਸਿੰਘ ਜ਼ੁਲਮ ਤੋਂ ਜ਼ੋਰ ਤਲਵਾਰ ਬਚ ਗਏ
ਮਾਰੂ ਦੇਸ ਪੰਜਾਬ ਸੀ ਖਾਲਸੇ ਦਾ ਦੁਖ ਵੱਡੇ ਤੋਂ ਵੱਡੇ ਸਹਾਰ ਬਚ ਗਏ
ਚੜ੍ਹੇ ਦਿੱਲੀ ਲਾਹੌਰੋਂ ਤੂਫਾਨ ਕਈ ਸਿੰਘ ਆਸਰਾ ਰਖ ਕਰਤਾਰ ਬਚ ਗਏ
ਲੰਘ ਗਏ ਉਹ ਜ਼ੁਲਮ ਦਰਿਆ ਬਹੁਤੇ ਬੰਦੇ ਰੱਬ ਦੇ ਹੌਂਸਲੇ ਧਾਰ ਬਚ ਗਏ
ਬਰਕਤ ਇਕ ਇਤਫਾਕ ਦੀ ਸਮਝ ਲਵੋ ਸਿੰਘ ਵੈਰੀਆਂ ਤੋਂ ਤੇਗਾਂ ਮਾਰ ਬਚ ਗਏ
ਵੈਰੀ ਮਾਰਦੇ ਮਾਰਦੇ ਆਪ ਮਰ ਗਏ ਸਿੰਘ ਮੁਸ਼ਕਲਾਂ ਤੋਂ ਲੰਘ ਪਾਰ ਬਚ ਗਏ
ਜਥੇਬੰਦੀ ਇਤਫਾਕ ਤੇ ਭਜਨ ਕਰਕੇ ਵਾਂਗ ਜੀਭ ਦੰਦਾਂ ਵਿਚਕਾਰ ਬਚ ਗਏ
ਪੁੜ ਦਿੱਲੀ ਲਾਹੌਰ ਖਰਾਸ ਦੇ ਸਨ ਦੋਹਾਂ ਵਿਚ ਆਕੇ ਸਿੰਘ ਸਾਰ ਬਚ ਗਏ
ਸਿਰ ਤੇ ਹੱਥ ਸੀ ਗੁਰੂ ਗੋਬਿੰਦ ਸਿੰਘ ਦਾ ਵੈਰੀ ਮਰੇ ਤੇ ਸਿੰਘ ਸ੍ਰਦਾਰ ਬਚ ਗਏ
ਅੱਜ ਕਿਥੇ ਹੈ ਮੁਗਲੀਆ ਬਾਦਸ਼ਾਹੀ ਜਿਦ੍ਹੇ ਜ਼ੁਲਮ ਤੋਂ ਸਿੰਘ ਵਿਚਾਰ ਬਚ ਗਏ
ਰਹੇ ਖਾਨ ਨਸ਼ਾਨ ਕਰਤਾਰ ਸਿੰਘਾ ਸਿੰਘ ਅਮਨ ਅਮਾਨ ਸੰਸਾਰ ਬਚ ਗਏ

ਦੇਸ ਦੀ ਬਰਬਾਦੀ


ਭਾਵੇਂ ਦਿੱਲੀ ਦੀ ਉਡ ਗਈ ਖਾਕ ਸਾਰੀ ਜਿਉਂਦੀ ਰਹੀ ਅਸਲੋਂ ਬਾਦਸ਼ਾਹੀ ਨ ਸੀ
ਨਾਦਰ ਰੱਤ ਨਚੋੜ ਕੇ ਲੈ ਗਿਆ ਸੀ ਛੱਡੀ ਵਿਚ ਖਜ਼ਾਨਿਆਂ ਪਾਈ ਨ ਸੀ
ਕਰ ਗਿਆ ਹਕੂਮਤਾਂ ਢਿੱਲੀਆਂ ਉਹ ਰਹੀ ਆਕੜ ਕਿਸੇ ਦੀ ਕਾਈ ਨ ਸੀ
ਪਰ ਜ਼ੁਲਮ ਦੀ ਤੇਗ ਨ ਹੋਈ ਖੁੰਢੀ ਕਿਸੇ ਮੋੜ ਮਿਆਨ ਆ ਪਾਈ ਨ ਸੀ
ਮਾਰੋ ਮਾਰ ਹੁੰਦੀ ਰਹੀ ਓਸੇ ਤਰ੍ਹਾਂ ਸ਼ਰ੍ਹਾ ਵਾਲਿਆਂ ਨੂੰ ਸ਼ਰਮ ਆਈ ਨ ਸੀ
ਵੈਰ ਹਾਕਮਾਂ ਸਿੰਘਾਂ ਦਾ ਰਿਹਾ ਓਵੇਂ ਕਿਸੇ ਬਲਦੀ ਅੱਗ ਬੁਝਾਈ ਨ ਸੀ
ਦਿਨੇ ਦਿਨ ਦੂਣੀ ਸਗੋਂ ਭੜਕ ਰਹੀ ਸੋਚ ਹਾਕਮਾਂ ਕਲ੍ਹਾ ਮਟਾਈ ਨ ਸੀ
ਫੌਜਾਂ ਗਸ਼ਤੀਆਂ ਫਿਰਦੀਆਂ ਓਸੇਤਰਾਂ ਸੁਣਦਾ ਪਰਜਾ ਦੀ ਕੋਈ ਦੁਹਾਈ ਨ ਸੀ
ਪਿੱਛਾ ਹਾਕਮ ਸਿੰਘਾਂ ਦਾ ਛੱਡਦੇ ਨ ਛੱਡੀ ਸਿੰਘਾਂ ਭੀ ਮਾਰ ਕੁਟਾਈ ਨ ਸੀ
ਵੈਰੀ ਚਾਹੁੰਦੇ ਪੰਥ ਬਰਬਾਦ ਕਰਨਾ ਪਰ ਏਹ ਅਕਾਲ ਨੂੰ ਭਾਈ ਨ ਸੀ
ਜੇਕਰ ਸਿੰਘਾਂ ਤਾਈਂ ਪਿਆ ਵਖਤ ਹੈਸੀ ਅੱਖ ਹਾਕਮਾਂ ਭੀ ਕਦੇ ਲਾਈ ਨ ਸੀ
ਇਕ ਦੂਸਰੇ ਦੇ ਮਾਰੂ ਹੋਇ ਰਹੇ ਹਟ ਕਿਸੇ ਕਮਜ਼ੋਰੀ ਦਿਖਾਈ ਨ ਸੀ
ਰਿਹਾ ਪੱਲੇ ਲਾਹੌਰ ਦੇ ਕੁਝ ਭੀ ਨਾ ਕਰਦੀ ਖੁਸ਼ ਹੋ ਫੌਜ ਚੜ੍ਹਾਈ ਨ ਸੀ
ਸਾਰਾ ਦੇਸ ਬਰਬਾਦ ਹੋ ਰਿਹਾ ਹੈ ਸੀ ਦੇਂਦੀ ਰੌਣਕ ਕਿਤੇ ਦਿਖਾਈ ਨ ਸੀ
ਨ ਵਣਜ ਵਪਾਰ ਨ ਖੁਸ਼ੀ ਕਿਧਰੇ ਖੇਤੀ ਬਾੜੀ ਦੀ ਕਿਤੇ ਕਮਾਈ ਨ ਸੀ