ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੨੫)


ਅਠਾਰਾਂ ਸੌ ਤੇਰਾ ਕਰਤਾਰ ਸਿੰਘਾ *ਗਿਆ ਦੇਸ ਦੇ ਤਾਈਂ ਉਜਾੜ ਕਰਦਾ

ਸਿੰਘਾਂ ਦੀ ਹਿੰਮਤ

ਏਸ ਹਿਲਜੁਲੀ ਦੇ ਵਿਚ ਖਾਲਸੇ ਨੇ ਕਈ ਆਪਣੇ ਕੰਮ ਸਵਾਰ ਲਏ
ਲੁਟ ਮਾਰ ਕਰਦੇ ਰਹੇ ਦੇਸ ਅੰਦਰ ਚੁਣ ਮੁਖਬਰ ਭੀ ਬਹੁਤੇ ਮਾਰ ਲਏ
ਪਈ ਹਾਕਮਾਂ ਨੂੰ ਆਪੋ ਆਪਣੀ ਸੀ ਸਿੰਘਾਂ ਆਪਣੇ ਪੈਰ ਸੰਭਾਰ ਲਏ
ਹੱਥ ਫੇਰਦੇ ਰਹੇ ਚੰਗੇ ਹਾਕਮਾਂ ਨੂੰ ਜਥੇ ਨਵੇਂ ਆ ਕਰ ਤਿਆਰ ਲਏ
ਜਿੰਨੇ ਘਟੇ ਹੈਸਨ ਓਨੇ ਵਧ ਗਏ ਭਾਂਗੇ ਪਿਛਲੇ ਸਾਰੇ ਨਿਕਾਰ ਲਏ
ਕਰੇ ਮੱਦਦ ਰਬ ਕਰਤਾਰ ਸਿੰਘਾਂ ਜਮ੍ਹਾਂ ਕਰ ਬਹੁਤ ਹਥਿਆਰ ਲਏ

ਵਾਕ ਕਵੀ

ਅਹਿਮਦਸ਼ਾਹ ਦਾ ਲੁਟਿਆਮਾਲ ਸਿੰਘਾਂ ਛਾਪੇ ਮਾਰ ਨੁਕਸਾਨ ਪੁਚਾਇ ਗਏ
ਫੌਜਾਂ ਚਾੜ੍ਹੀਆਂ ਓਸਨੇ ਮਗਰ ਸਿੰਘਾਂ ਸਿੰਘ ਸਾਫ ਹੀ ਪੱਲਾ ਛੁਡਾਇ ਗਏ
ਚਿੰਤਪੁਰਨੀ ਗਗਰੇਟੇ ਦੀ ਜਾ ਖੱਡੇ ਆਏ ਹੜ੍ਹ ਤੋਂ ਜਾਨ ਬਚਾਇ ਗਏ
ਅਹਿਮਦਸ਼ਾਹ ਲਾਹੌਰ ਤੋਂ ਚਲਾ ਗਿਆ ਸਿੰਘ ਨਿਕਲ ਪਹਾੜਾਂਤੋਂ ਆਇ ਗਏ
ਆਣ ਉਤਰੇ ਵਿਚ ਦੁਆਬੇ ਦੇ ਜੀ ਛੋਟੇ ਹਾਕਮ ਡਰ ਡਰਾਇ ਗਏ
ਪਰ ਕੁਝ ਅਮੀਰ ਕਰਤਾਰ ਸਿੰਘਾ ਅੱਗਾ ਰੋਕਨੇ ਵਾਸਤੇ ਧਾਇ ਗਏ

ਹਰਿਆਣੇ ਦੇ ਪਾਸ ਜੰਗ

ਹਾਕਮ ਉਠ ਬਜਵਾੜੇ ਦੇ ਪਏ ਸਾਰੇ ਨਾਲ ਹੋਰਨਾਂ ਤਾਈਂ ਰਲਾਨ ਅਗੋਂ
ਜਫ਼ਰ ਖਾਂ ਆਯਾ ਹੁਸ਼ਿਆਰਪੁਰੀਆ ਪੈਂਦੇ ਖਾਂ ਬੱਸੀ ਵਾਲਾ ਆਣ ਅਗੋਂ
ਸੈਂਦੇ ਖਾਂ ਪਠਾਨ ਸੀ ()ਟਾਂਡੇ ਵਾਲਾ ਹੋਰ ਬਹੁਤ ਰਲੇ ਮੁਸਲਮਾਨ ਅਗੋਂ
ਭਾਰਾ ਕੱਠ ਕਰਕੇ ਢੋਲ ਮਾਰ ਆਏ ਜਾ ਸਿੰਘਾਂ ਦੇ ਤਾਈਂ ਅਟਕਾਨ ਅਗੋਂ
ਵਿਚ ਦੇਸ ਦੇ ਸਿੰਘ ਨਾ ਪੈਰ ਪਾਵਣ ਇਹ ਸੋਚ ਕੇ ਰੋਕ ਕਰਾਨ ਅਗੋਂ
ਓਧਰ ਸਿੰਘ ਭਲਾ ਕਦੋਂ ਘਟ ਹੈਸਨ ਉਹ ਭੀ ਡਟਕੇ ਪੈਰ ਜਮਾਨ ਅਗੋਂ
ਤਾਰਾ ਸਿੰਘ ਗੈਬਾ ਤੇ ਕ੍ਰੋੜਾ ਸਿੰਘ ਹੈਸੀ ਜੈ ਸਿੰਘ ਜੈਸੇ ਬਲਵਾਨ ਅਗੋਂ
ਚੜ੍ਹਤ ਸਿੰਘ ਤੇ ਜੱਸਾ ਸਿੰਘ ਬੀਰ ਬਾਂਕੇ ਕਰਮ ਸਿੰਘ ਬਘੇਲ ਸਿੰਘ ਜਾਨ ਅਗੋਂ
ਜੱਸਾ ਸਿੰਘ ਤਰਖਾਣ ਕਰਮ ਸਿੰਘ ਦੂਜਾ ਅਤੇ ਬਾਜਵਾ ਸਿੰਘ ਦੀਵਾਨ ਅਗੋਂ
ਫਤਹ ਬੋਲ ਕੇ ਵਿਚ ਮੈਦਾਨ ਆਏ ਗੋਲੀ ਤੀਰ ਦਾ ਮੀਂਹ ਬਰਸਾਨ ਅਗੋਂ


*ਅਬਦਾਲੀ ਆਪਣੇ ਪਤਰ ਤੈਮੂਰ ਸ਼ਾਹ ਨੂੰ ਲਾਹੌਰ ਦੇ ਬੰਦੋਬਸਤ ਵਾਸਤੇ ਛਡ ਗਿਆ ਤੇ ਓਸਦੇ ਨਾਲ ਜਹਾਨ ਖਾਂ ਨੂੰ ਖੁਫੀਆ ਅਫਸ਼ਰ ਕਰ ਗਿਆ ਤੇ ਇੰਤਜ਼ਾਮ ਲਈ ਆਪਣੇ ਖਾਸ ਦਸ ਹਜ਼ਾਰ ਜਵਾਨ ਵੀ ਛਡ ਗਿਆ। ()ਉਰਮਰ ਟਾਂਡਾ ।