ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੧੧੯)


ਓਹ ਫਸਿਆ ਨ ਓਹਦੀ ਵਿਚ ਫਾਹੀ ਖੱਟੀ ਨਾਹਿੰ ਬੁਰਿਆਈ ਜਹਾਨ ਅੰਦਰ
ਬਹੁਤੇ ਲੋਭ ਤੇ ਡਰ ਦਿਖਾਇ ਥੱਕੀ ਰਿਹਾ ਸਾਬਤ ਆਪਣੇ ਸ਼ਾਨ ਅੰਦਰ
ਓਸ ਰੰਨ ਛੱਨਾਰ ਨੇ ਕਹਿਰ ਕੀਤਾ ਉਹਨੂੰ ਰੱਖ ਕੇ ਖਾਸ ਨਿਸ਼ਾਨ ਅੰਦਰ
ਦਿੱਤਾ ਕਤਲ ਕਰਵਾ ਸੀ ਹੈਂਸਯਾਰੀ ਝੂਠ ਦੋਸ਼ ਲਾਕੇ ਇਕ ਆਨ ਅੰਦਰ
ਰੰਨਾਂ ਬੇਵਫਾ ਕਰਤਾਰ ਸਿੰਘ ਤਾਹੀਏਂ ਸਮਝੀਆਂ ਗਈਆਂ ਜਹਾਨ ਅੰਦਰ

ਲਾਹੌਰ ਦੇ ਅਮੀਰਾਂ ਨੇ ਗਾਜ਼ੀਦੀਨ ਦਿਲੀ ਦੇ ਵਜ਼ੀਰ ਨੂੰ ਲਿਖਣਾ

ਖਾਂ +ਭਿਖਾਰੀ ਨੂੰ ਬੇਗਮ ਮਰਵਾਇ ਦਿਤਾ ਏਸ ਗਲ ਤੇ ਬੁਰਾ ਮਨਾਯਾ ਸਭ ਨੇ
ਫਿਕਰ ਆਪਣਾ ਆਪਣਾ ਪਿਆ ਆਕੇ ਪੈਰ ਪਿਛ੍ਹਾਂ ਨੂੰ ਆਣ ਹਟਾਯਾ ਸਭ ਨੇ
ਜਹਾਂਦਾਰ ਸੀ ਆਪ ਮੁਖਤਾਰ ਬਣਿਆਂ ਵੈਰ ਓਸਦੇ ਨਾਲ ਵਧਾਯਾ ਸਭ ਨੇ
ਬੰਦੋਬਸਤ ਨ ਓਸ ਤੋਂ ਹੋ ਸਕੇ ਥਾਓਂ ਥਾਂ ਖਰੂਦ ਮਚਾਯਾ ਸਭ ਨੇ
ਗਦਰ ਦੇਸ ਅੰਦਰ ਪਿਆ ਫੇਰ ਆਕੇ ਏਸ ਗੱਲ ਤੇ ਫਿਕਰ ਦੁੜਾਯਾ ਸਭ ਨੇ
ਅੰਤ ਬੇਗਮ ਦੇ ਬਰਖਿਲਾਫ ਹੋ ਕੇ ਅੰਦਰ ਬੈਠ ਕੇ ਮਤਾ ਪਕਾਯਾ ਸਭ ਨੇ
ਗਾਜ਼ੀ ਦੀਨ ਨੂੰ ਝਬਦੇ ਲਿਖ ਦਿਤਾ ਭੇਦ ਸਾਰਾ ਹੀ ਖੋਲ੍ਹ ਜਤਾਯਾ ਸਭ ਨੇ
ਸਾਰੇ ਕਰਾਂਗੇ ਮੱਦਦ ਕਰਤਾਰ ਸਿੰਘਾ ਦਸਖਤ ਕਰ ਬੀੜਾ ਉਠਾਯਾ ਸਭ ਨੇ

ਗਾਜ਼ੀਦੀਨ ਦੀ ਦਿਲੀਓਂ ਚੜ੍ਹਾਈ ਕਰਨੀ

ਗਾਜ਼ੀ ਦੀਨ ਪੰਜਾਬ ਦੀ ਗੱਲ ਸੁਣਕੇ ਝਟ ਪਟ ਤਿਆਰ ਹੋ ਜਾਵੰਦਾ ਏ
ਲੈ ਕੇ †ਫੌਜ ਭਾਰੀ ਨਾਲ ਤੋਪਖਾਨੇ ਕੂਚ ਵੱਲ ਲਾਹੌਰ ਬੁਲਾਵੰਦਾ ਏ
ਅਹਿਲਕਾਰ ਜੋ ਕਾਬਲੀ ਕੱਢ ਦੇਣੇ ਲੈਣਾ ਸਾਂਭ ਲਾਹੌਰ ਤਕਾਵੰਦਾ ਏ
ਸੁਣੀ ਬੇਗਮ ਖਬਰ ਕਰਤਾਰ ਸਿੰਘਾ ਗਮ ਉਸ ਦੇ ਦਿਲ ਤੇ ਛਾਵੰਦਾ ਏ

ਬੇਗਮ ਦਾ ਮਕਰ

ਬੇਗਮ ਬੜੀ ਮਕਾਰ ਛੰਨਾਰ ਹੈਸੀ ਝਟ ਏਧਰੋਂ ਉਹ ਭੀ ਤਿਆਰ ਹੋਈ
ਹੈਸੀ ਮਾਨ ਮੱਤੀ ਰੂਪ ਰੰਗ ਰੱਤੀ ਆਉਂਦਾ ਵੇਖ ਸ਼ਿਕਾਰ ਉਡਾਰ ਹੋਈ
ਨਾਲ ਗੋਲੀਆਂ ਬਾਂਦੀਆਂ ਲੈ ਕਰਕੇ ਪਹੁੰਚੀ ਜਾ ਸਰਹੰਦ ਹੁਸ਼ਿਆਰ ਹੋਈ
ਮਾਛੀਵਾੜੇ ਸੀ ਆਣ ਵਜ਼ੀਰ ਲੱਥਾ ਰਸਤੇ ਵਿਚ ਸੁਣਕੇ ਖਬਰਦਾਰ ਹੋਈ
ਓਹਦੇ ਪਾਸ ਵਕੀਲ ਨੂੰ ਭੇਜ ਦਿੱਤਾ ਬੇਗਮ ਮਿਲਣ ਦੀ ਹੈ ਖਾਹਸ਼ਦਾਰ ਹੋਈ
ਸੁਣੀ ਗੱਲ ਵਜ਼ੀਰ ਕਰਤਾਰ ਸਿੰਘਾ ਆਣ ਦਿਲ ਤੇ ਹਿਰਸ ਅਸਵਾਰ ਹੋਈ


+ਅਪਰੈਲ ੧੭੫੫ ।

†ਗਾਜ਼ੀ ਦੀਨ ਦੇ ਨਾਲ ਦਿਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਦਾ ਵੱਡਾ ਪੁਤਰ ਮਿਰਜ਼ਾ ਅਲੀ ਗੌਹਰ ਭੀ ਸੀ ।