ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਜੌਹਰ ਖਾਲਸਾ


ਬਾਹਰ ਨਿਕਲ ਲਾਹੌਰ ਤੋਂ ਜਾਇ ਨ ਉਹ ਭੇਦ ਸਿੰਘਾਂ ਦੇ ਦਿਲਦਾ ਪਾਯਾ ਉਸਨੇ
ਅੱਘੜ ਸਿੰਘ ਆਯਾ ਓਹਦੇ ਮਾਰਨੇ ਨੂੰ ਰੂਪ ਮੁਗਲਾਂ ਵਾਲਾ ਬਣਾਯਾ ਉਸਨੇ
ਇਕ ਦਿਨ ਮੋਮਨ ਗਿਆ ਸੈਰ ਕਰਨੇ ਕੰਢੇ ਰਾਵੀ ਦੇ ਧਿਆਨ ਲਗਾਯਾ ਉਸਨੇ
ਪੈਦਲ ਹੋ ਲੱਗਾ ਫਿਰਨ ਨਦੀ ਕੰਢੇ ਘੋੜਾ ਨਫਰ ਦੇ ਤਾਈਂ ਫੜਾਯਾ ਉਸਨੇ
ਅੱਘੜ ਸਿੰਘ ਭੀ ਓਸਦੇ ਮਗਰ ਲੱਗਾ ਵੇਲਾ ਮਾਰ ਦਾ ਠੀਕ ਤਕਾਯਾ ਉਸਨੇ
ਨੇੜੇ ਹੋ ਕੇ ਸ਼ੇਰ ਦਾ ਝੁਟ ਕੀਤਾ ਸਿਰ ਮਾਰ ਕੇ ਤੇਗ ਉਠਾਯਾ ਉਠਾਯਾ ਉਸਨੇ
ਦੂਜੇ ਹੱਥ ਕੀਤਾ ਨਫਰ ਪਾਰ ਸਮਝੋ ਸਿਰ ਲੈਕੇ ਘੋੜਾ ਦੁੜਾਯਾ ਉਸਨੇ
ਅਗੇ ਪੰਥ ਦੇ ਜਾ ਕਰਤਾਰ ਸਿੰਘਾ ਸਿਰ ਰੱਖ ਵੱਡਾ ਜਸ ਪਾਯਾ ਉਸਨੇ

ਅਮੀਰਾਂ ਤੇ ਸਿੰਘਾਂ ਦਾ ਦਾਬਾ

ਮੋਮਨ ਖਾਂ ਗਿਆ ਕਤਲ ਹੋ ਜਦੋਂ ਡਰਦਾ ਬਾਹਰ ਸ਼ਹਿਰੋਂ ਫੇਰ ਜਾਇ ਕੋਈ ਨ
ਸਿੰਘ ਫਿਰਦੇ ਕਾਲ ਦਾ ਰੂਪ ਧਰਕੇ ਮੂੰਹ ਕੱਲਾ ਦੁਕੱਲਾ ਦਿਖਾਇ ਕੋਈ ਨ
ਬੈਠੇ ਖਾਨ ਅਮੀਰ ਸਭ ਹੋ ਠੰਢੇ ਵੱਲ ਸਿੰਘਾਂ ਦੇ ਵਾਗ ਉਠਾਇ ਕੋਈ ਨ
ਚਾਹੇ ਬੇਗਮ ਬਦਲਾ ਲਾਂ ਝਬਦੇ ਫੌਜਦਾਰ ਲੈ ਫੌਜ ਨੂੰ ਧਾਇ ਕੋਈ ਨ
ਆਖਰ ਖਾਂ ਅਜ਼ੀਜ਼ ਨੂੰ ਚਾੜ੍ਹਯੋ ਸੂ ਸਿੰਘ ਹੱਥ ਉਹਦੇ ਵਿਚ ਆਇ ਕੋਈ ਨ
ਜਦੋਂ ਦਾਉ ਲਗੇ ਛਾਪੇ ਮਾਰ ਜਾਂਦੇ ਅੜ ਖੜ ਕੇ ਜੰਗ ਮਚਾਇ ਕੋਈ ਨ
ਉਹ ਭੀ ਦਿਨ ਗੁਜ਼ਾਰ ਕੇ ਮੁੜ ਆਯਾ ਮੌਤ ਰਾਹ ਜਾਂਦੀ ਗਲ ਪਾਇ ਕੋਈ ਨ
ਸਾਰੇ ਵੇਖ ਬੈਠੇ ਹੱਥ ਖਾਲਸੇ ਦੇ ਬਿਨਾਂ ਆਈ ਮੌਤੋਂ ਮਰਨਾ ਚਾਹਿ ਕੋਈ ਨ
ਝੇੜੇ ਮੁਕਦੇ ਨਾ ਫੌਜੀ ਹਾਰ ਬੈਠੇ ਜਾਨ ਦੁਖਾਂ ਦੇ ਮੂੰਹ ਫਸਾਇ ਕੋਈ ਨ
ਸਿੰਘ ਹੋਇ ਬੇਖਤਰ ਕਰਤਾਰ ਸਿੰਘਾ ਫੌਜ ਗੜੀ ਗਸ਼ਤੀ ਦਿਲ ਡਾਹਿ ਕੋਈ ਨ

0ਮੀਰ ਭਿਖਾਰੀ ਖਾਂ ਦਾ ਕਤਲ ਹੋਣਾ

ਬੇਗਮ ਉਮਰ ਜਵਾਨ ਤੇ ਖੂਬ ਸੂਰਤ ਕਾਮ ਕੁੱਦਿਆ ਉਸਦੇ ਆਨ ਅੰਦਰ
ਹੈਸੀ ਖਾਨ ਭਿਖਾਰੀ ਜਵਾਨ ਸੋਹਣਾ ਭਲਾ ਲੋਕ ਸੀ ਪੱਕਾ ਈਮਾਨ ਅੰਦਰ
ਬੇਗਮ ਓਸ ਉਪਰ ਆਣ ਡੋਲ ਗਈ ਉਸਨੂੰ ਸੱਦਿਆ ਖਾਸ ਮਕਾਨ ਅੰਦਰ
ਮਨਸ਼ਾ ਆਪਣਾ ਸਾਫ ਹੀ ਜ਼ਾਹਰ ਕਰਦੀ ਫਸ ਗਈ ਸੀ ਦਾਮ ਸ਼ੈਤਾਨ ਅੰਦਰ
ਓਹ ਬੰਦਗੀ ਦਾਰ ਈਮਾਨ ਵਾਲਾ ਰਹਿੰਦਾ ਸਦਾ ਸੀ ਖੌਫ ਭਗਵਾਨ ਅੰਦਰ


੦ਭਿਖਾਰੀ ਖਾਂ ਨੇ ਇਹ ਸੁਨਹਿਰੀ ਮਸਜਿਦ ਜੋ ਲਾਹੌਰ ਡੱਬੀ ਬਾਜ਼ਾਰ ਵਿਚ ਹੈ,ਤਾਮੀਰ ਕਰਵਾਈ ਸੀ ਅਤੇ ਇਹ ਰੌਸ਼ਨ ਉੱਲ ਦੌਲਾ ਤੁਰੈ ਬਾਜ਼ ਖਾਂ ਜੋ ਮੰਨੂੰ ਦਾ ਵਜ਼ੀਰ ਸੀ ਉਸ ਦਾ ਪੁਤਰ ਸੀ।