ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋਹਰ ਖਾਲਸਾ

(੧੦੫)


ਚੌਕੀਦਾਰ ਹੀ ਚੋਰਾਂ ਨੂੰ ਲੈ ਆਵਣ ਚੋਰ ਸੰਨ੍ਹਾਂ ਦੇ ਉਤੋਂ ਫੜਾਇ ਕਿਹੜਾ
ਜੁੰਮੇਵਾਰ ਬਦਮਾਸ਼ੀਆਂ ਕਰਨ ਜਦੋਂ ਬਦਮਾਸ਼ਾਂ ਨੂੰ ਫੇਰ ਧਮਕਾਇ ਕਿਹੜਾ
ਮੁੱਲਾਂ ਪੰਡਤ ਭਾਈ ਸ਼ਰਾਬ ਪੀਵਣ ਮਕਰੂਹ ਸ਼ਰਾਬ ਬਣਾਇ ਕਿਹੜਾ
ਜਿਥੇ ਲੁੰਡ ਉਚੱਕੇ ਪ੍ਰਧਾਨ ਹੋਵਣ ਭਲਾ ਪੁਰਸ਼ ਜਾ ਪੱਤ ਲੁਹਾਇ ਕਿਹੜਾ
ਜਿਸ ਪਿੰਡ ਦੇ ਚੌਧਰੀ ਲੁੰਡ ਹੋਵਣ ਪਤਆਬਰੂ ਵਾਲਾ ਸਦਾਇ ਕਿਹੜਾ
ਪੁਛ ਗਿਛ ਜਿਥੇ ਹੋਇ ਕੰਜਰਾਂ ਦੀ ਗੁਰਾਂ ਪੀਰਾਂ ਨੂੰ ਸੱਦ ਬੈਠਾਇ ਕਿਹੜਾ
ਜਿਸ ਘਰ ਹੋਵਣ ਪ੍ਰਧਾਨ ਰੰਨਾਂ ਇੱਜ਼ਤ ਦਾੜ੍ਹੀਆਂ ਦੀ ਓਥੇ ਚਾਹੇ ਕਿਹੜਾ
ਜਿਥੇ ਰੰਡੀਆਂ ਹਾਰ ਸ਼ਿੰਗਾਰ ਲਾਵਣ ਜਤ ਸਤ ਓਥੋਂ ਲੈ ਕੇ ਜਾਇ ਕਿਹੜਾ
ਜਦ ਹਾਕਮਹੀ ਪਰਜਾ ਦਾ ਲਹੂ ਪੀਵਣ ਜਾ ਉਨ੍ਹਾਂ ਨੂੰ ਦੁਖ ਸੁਣਾਇ ਕਿਹੜਾ
ਦੁਖੀ ਦੇਸ ਸੀ ਹੋਯਾ ਕਰਤਾਰ ਸਿੰਘਾ ਬਿਨਾਂ ਰਬ ਦੇ ਹੋਰ ਛੁਡਾਇ ਕਿਹੜਾ

ਵਾਕ ਕਵੀ

ਮਾਝਾ ਦੇਸ ਸਾਰਾ ਬਰਬਾਦ ਹੋਯਾ ਗਸ਼ਤੀ ਫੌਜ ਨੁਕਸਾਨ ਪੁਚਾਣ ਲੱਗੀ
ਬੰਦੋਬਸਤ ਦੇ ਥਾਂ ਖੁਦ ਜ਼ੁਲਮ ਕਰਕੇ ਬਦਅਮਨੀ ਸਗੋਂ ਫੈਲਾਣ ਲੱਗੀ
ਕਰਨੀ ਦੇਸ ਦੀ ਰਖਿਆ ਛਡ ਕਰਕੇ ਬਣ ਆਪ ਡਾਕੂ ਲੁੱਟ ਖਾਣ ਲੱਗੀ
ਬੰਦੋਬਸਤ ਦੀ ਆੜ ਲੈ ਰਹੇ ਨਿਕਲੀ ਦੇਸ ਤਾਈਂ ਬਰਬਾਦ ਕਰਾਣ ਲੱਗੀ
ਪਿੰਡਾਂ ਵਿਚ ਨਾ ਛਡਿਆ ਕੁਝ ਭੀ ਸੀ ਪਰਜਾ ਦੁਖੀ ਹੋ ਭਾਰੀ ਕੁਰਲਾਣ ਲੱਗੀ
ਦੁਖੀ ਹੋਕੇ ਖਲਕ ਕਰਤਾਰ ਸਿੰਘਾ ਰੋਇ ਰੋਇ ਖਾਲਕ ਨੂੰ ਸੁਣਾਨ ਲੱਗੀ

ਮੀਰ ਮੰਨੂੰ ਦਾ ਮਾਝੇ ਵਿਚ ਦੌਰਾ

ਗਿਆ ਖਾਨ ਜਹਾਨ ਭੀ ਹੋ ਛਿੱਥਾ ਪਿਛੇ ਸਿੰਘਾਂ ਦੇ ਟੱਕਰਾਂ ਮਾਰ ਕਰਕੇ
ਮੋਮਨ ਖਾਂ ਭੀ ਜਾ ਲਾਹੌਰ ਬੈਠਾ ਜਾਂਦੀ ਪੇਸ਼ ਨ ਹੌਂਸਲਾ ਹਾਰ ਕਰਕੇ
ਤਦ ਆਪ ਮੰਨੂੰ ਮੀਰ ਮਾਰ ਧੌਂਸਾ ਗੁਸਾ ਦਿਲ ਅੰਦਰ ਭਾਰਾ ਧਾਰ ਕਰਕੇ
ਫੌਜਾਂ ਭਾਰੀਆਂ ਲੈਕੇ ਫਿਰਨ ਲੱਗਾ ਹੋਰ ਸਾਰੇ ਹੀ ਕੰਮ ਵਿਸਾਰ ਕਰਕੇ
ਸਿੰਘ ਹੋ ਸਤਲੁਜ ਤੋਂ ਪਾਰ ਗਏ ਚਾਲ ਸਮੇਂ ਦੀ ਸਖਤ ਵਿਚਾਰ ਕਰਕੇ
ਓਹਦੇ ਹੱਥ ਨ ਆਏ ਕਰਤਾਰ ਸਿੰਘਾ ਬੈਠੇ ਦੂਰ ਜਾ ਭਲਾ ਚਿਤਾਰ ਕਰਕੇ

ਮੀਰ ਮੰਨੂੰ ਦੇ ਜ਼ੁਲਮ

ਮੀਰ ਮੰਨੂੰ ਤੇ ਮੋਮਨ ਖਾਨ ਜਹੇ ਰਲ ਭਾਰੇ ਅਧਮੂਲ ਮਚਾਨ ਲਗੇ
ਸਿੰਘ ਦੇਸ ਵਿਚੋਂ ਦੂਰ ਨਿਕਲ ਗਏ ਪਿਛੇ ਜ਼ਾਲਮ ਜ਼ੁਲਮ ਕਮਾਨ ਲਗੇ
ਕੱਠੇ ਕਰਕੇ ਮੁਖਬਰਾਂ ਸਾਰਿਆਂ ਨੂੰ ਪਤੇ ਸਿੰਘਾਂ ਦੇ ਪੁਛ ਪੁਛਾਨ ਲਗੇ