ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਸੁਭਾਗੀ ਦੀਆਂ ਅੱਖਾਂ ਖੁਲ੍ਹ ਗਈਆਂ! ਜਿਥੇ ਫੁੱਲ ਸਨ ਉਥੇ ਅਜ ਨਾਗ ਵੀ ਦਿਸ ਪਿਆ। ਸੁਭਾਗੀ ਦੇ ਦਿਲ ਵਿਚ ਜਿਥੇ ਨਿਮਰਤਾ ਤੇ ਸੀਲਤਾਈ ਸੀ ਇਹ ਗਲ ਸੁਣਕੇ ਉਥੇ ਕ੍ਰੋਧ ਨੇ ਆ ਡੇਰੇ ਲਾਏ।

ਸੁਭਾਗੀ ਨੇ ਅਭਿਮਾਨ ਨਾਲ ਸਿਰ ਚੁਕਿਆ ਤੇ ਬੋਲੀ:"ਜੇ ਸੱਚ ਭਠਿਆਰੇ ਦੀ ਧੀ ਹੋਵਾਂਗੀ ਤਾਂ ਤੇਰੀ ਕੌਡ ਕੌਡੀ ਚੁਕਾ ਦੇਵਾਂਗੀ ਪਰ ਇਹ ਝੁੱਗੀ ਤੇਰੇ ਹਥ ਕਦੇ ਨਹੀਂ ਵੇਚਾਂਗੀ। ਤੂੰ ਸਮਝਦਾ ਹੋਵੇਂਗਾ, ਦੋਵੇਂ ਦੁਕਾਨਾਂ ਮਿਲਾਕੇ ਮਹਿਲ ਖੜੇ ਕਰ ਲਵਾਂਗਾ, ਇਸ ਤੋਂ ਮੂੰਹ ਧੋ ਰਖ!"

ਸੇਠ ਸਾਹਿਬ ਨੂੰ ਭੀ ਕ੍ਰੋਧ ਆ ਗਿਆ, ਤੇਜ਼ ਹੋਕੇ ਬੋਲੇ -ਵੇਖਾਂਗਾ ਕੋਣ ਪਿਉ ਦਾ ਪੁੱਤਰ ਮੈਨੂੰ ਰੋਕੇਗਾ, ਇਕ ਮਹੀਨੇ ਦੇ ਅੰਦਰ ਇਸ ਝੌਂਪੜੀ ਦਾ ਨਾਮ ਨਿਸ਼ਾਨ ਮਿਟਾ ਦਿਆਂਗਾ।

ਜਿਸਦਾ ਹਥ ਨਹੀਂ ਚਲਦਾ, ਉਸਦੀ ਜ਼ਬਾਨ ਬਹੁਤ ਚਲਦੀ ਹੈ। ਸੁਭਾਗੀ ਨੇ ਜੋ ਕੁਝ ਜੀਅ ਵਿਚ ਆਇਆ ਕਿਹਾ ਤੇ ਅਪਣੀ ਝੌਂਪੜੀ ਵਿਚ ਜਾਕੇ ਰੋਣ ਲਗ ਪਈ। ਕਦੀ ਆਪਣੀ ਭੱਠੀ ਵਲ ਵੇਖਦੀ ਕਦੀ ਝੌਂਪੜੀ ਦੀਆਂ ਕਚੀਆਂ ਕੰਧਾਂ ਵਲ, ਤੇ ਫੁਟ ਫੁਟ ਕੇ ਰੋਂਦੀ। ਝੌਪੜੀ ਦੀ ਇਕ ਇਕ ਚੀਜ਼ ਵਲ ਵੇਖ ਵੇਖ ਉਸਦਾ ਦਿਲ ਅੱਖਾਂ ਰਾਹੀਂ ਲਹੂ ਦੇ ਹੰਝੂ ਕੇਰਦਾ ਸੀ। ਇਸੇ ਉਧੇੜ-ਬਣ ਵਿਚ ਤਿੰਨ ਦਿਲ ਲੰਘ ਗਏ।