ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਭਾਗੀ

************

ਜਿਨ੍ਹਾਂ ਨੇ ਸੰਨ ੧੮੮੦ ਵਿਚ ਦਿੱਲੀ ਦਾ ਚਾਂਦਨੀ ਚੌਂਕ ਵੇਖਿਆ ਹੈ, ਉਨ੍ਹਾਂ ਨੇ ਸੁਭਾਗੀ ਭਠਿਆਰਣ ਦੀ ਭੱਠੀ ਜ਼ਰੂਰ ਦੇਖੀ ਹੋਵੇਗੀ। ਅੱਜ ਉਹ ਭੱਠੀ ਵਿਖਾਈ ਨਹੀਂ ਦਿੰਦੀ ਤੇ ਨ ਸੰਧਿਆ ਵੇਲੇ ਉਸਦਾ ਧੂੰਆਂ ਅਕਾਸ਼ ਵੱਲ ਜਾਂਦਾ ਨਜ਼ਰ ਪੈਂਦਾ ਹੈ। ਉਹ ਪੁਰਾਤਨ ਇਸਤ੍ਰੀਆਂ ਦਾ ਝੁਰਮਟ, ਉਹ ਗਰੀਬਾਂ ਦਾ ਟਿਕਾਣਾ, ਉਹ ਬੱਚਿਆਂ ਦੀ ਚਿਲਚਲਾਹਟ ਜਿਸ ਤੋਂ ਰਸੀਲੇ ਗੀਤਾਂ ਦੀ ਧੁਨ ਭੀ ਕੁਰਬਾਨ ਕੀਤੀ ਜਾ ਸਕਦੀ ਹੈ, ਇਹ ਸਭ ਪਿਛਲ ਸਮੇਂ ਦੀ ਭੁੱਲੀ ਹੋਈ ਕਹਾਣੀ ਹੋ ਗਈ ਹੈ। ਉਸ ਦੀ ਜਗ੍ਹਾ ਅੱਜ ਇਕ ਸ਼ਾਨਦਾਰ ਦੁਕਾਨ ਖੜੋਤੀ ਹੈ, ਜਿਥੇ ਅਮੀਰਾਂ ਦੀਆਂ ਬੱਘੀਆਂ ਮੋਟਰਾਂ ਆਣਕੇ ਠਹਿਰਦੀਆਂ ਹਨ। ਕਦੇ ਇਥੇ ਸੁਭਾਗੀ ਦੀ ਭੱਠੀ ਤਪਦੀ ਸੀ, ਜਿਥੇ ਗਰੀਬ ਲੋਕ ਆਕੇ ਦਾਣੇ ਭੁਨਾਂਦੇ ਸਨ! ਸੁਭਾਗੀ ਕਰੂਪ ਇਸਤ੍ਰੀ ਸੀ, ਉਮਰ ਵਿਚ ਭੀ ਚਾਲੀ ਸਾਲ ਤੋਂ ਥੱਲੇ ਨਹੀਂ ਹੋਵੇਗੀ, ਉਸਦੀ ਅਵਾਜ਼ ਡਰਾਉਣੀ ਸੀ, ਰਾਤ ਨੂੰ ਕਿਸੇ ਇਕਾਂਤ ਜਗ੍ਹਾ ਉਸਦੇ ਵਿਖਾਈ ਦੇਣ ਨਾਲ ਚੁੜੇਲ ਦਾ ਸੰਸਾ ਸੁਭਾਵਕ ਹੀ ਸੀ। ਪਰ ਇਸ ਪੁਰ ਭੀ ਉਹ ਚਾਂਦਨੀ ਚੌਂਕ ਵਿਚ ਐਸੇ ਆਨੰਦ ਅਰ ਸੰਤੋਖ ਦਾ ਜੀਵਨ ਬਿਤਾ ਰਹੀ ਸੀ ਜੋ ਰਾਜ-ਮਹਿਲਾਂ ਵਿਚ ਰਾਣੀਆਂ ਨੂੰ ਭੀ