ਇਹ ਸਫ਼ਾ ਪ੍ਰਮਾਣਿਤ ਹੈ

ਹੈਂ। ਤੂੰ ਰਖਪਯਕ ਭੀ ਹੈਂ, ਕਿਉਂਕਿ ਜਦ ਰੋਮ ਵਿਚ ਪਰਲਯ ਹੋਣ ਵਾਲਾ ਸੀ, ਤਦ ਵੋਲੂਮਨੀਆਂ ਦੇ ਹੰਝੂਆਂ ਨੇ ਹੀ ਕੋਰਔਲਸ ਨਾਲ ਨਗਰ ਦੀ ਰੱਖਿਆ ਕੀਤੀ ਸੀ। ਤੇਰਾ ਵਾਸਾ ਉਥੇ ਹੈ, ਜਿਥੇ ਹਿਰਦੇ ਦਾ ਮਾਨਸ੍ਰੋਵਰ,-ਜਿਸ ਵਿਚ ਹੰਸ ਰਹਿੰਦਾ ਹੈ। ਇਸ ਹੰਸ ਦੀ ਪਿਆਸ ਨੂੰ ਇਸ ਪ੍ਰਿਥਵੀ ਉਤੇ ਤੇਰਾ ਜੱਲ ਹੀ ਬੁਝਾ ਸਕਦਾ ਹੈ। ਜਿਸ ਹਿਰਦੇ ਵਿਚੋਂ ਤੇਰਾ ਝਰਨਾ ਸੁੱਕ ਗਿਆ, ਉਹ ਉਜਾੜ ਅਰ ਮਾਰੂ ਥੱਲ ਹੈ, ਉਥੇ ਕੋਈ ਪਵਿੱਤਰ ਤੇ ਉੱਚਾ ਮਨ ਦਾ ਭਾਵ ਨਹੀਂ ਉੱਗੇਗਾ, ਕਾਰਣ-ਸੰਸਾਰ ਵਿਚ ਦਿਆ ਅਰ ਪਰੇਮ ਆਦਿ ਈਸ਼ਵਰੀ ਭਾਵਾਂ ਦੇ ਬੂਟੇ ਸਿੰਞਣ ਵਾਲਾ ਤੇਰਾ ਹੀ ਜਲ ਹੈ। ਪਾਸ਼ਵਕ ਯੁਧ ਵਿਚ ਲੋਹੇ ਦੇ ਹਥਿਆਰ ਕੰਮ ਆਉਂਦੇ ਹਨ, ਪਰ ਈਸ਼ਵਰੀ ਯੁੱਧ ਵਿਚ ਫ਼ਤਹਿ ਤੂੰ ਹੀ ਪਰਾਪਤ ਕਰਕੇ ਦੇਣ ਵਾਲਾ ਹੈ। ਤੂੰ ਮਨੁੱਖ ਪੁਣੇ ਦਾ ਸਭ ਤੋਂ ਸੁੰਦਰ ਸ਼ਿੰਗਾਰ ਹੈ, ਕੋਈਮੁਕਤਾ, ਕੋਈ ਮੋਤੀ, ਮਨੁੱਖ ਨੂੰ ਉਤਨਾ ਨਹੀਂ ਸਜਾਉਂਦਾ, ਜਿਤਨਾ ਤੂੰ! ਮੋਤੀ ਸਰੀਰ ਦਾ ਗਹਿਣਾ ਹੈ, ਪਰ ਤੂੰ ਆਤਮਾਂ ਦਾ। ਤੂੰ ਕਲਿਆਣ ਦਾਤਾ ਹੈ, ਕਿਉਂ ਜੁ ਤੇਰੇ ਵਿਚ ਸ਼ਨਾਨ ਕਰਨ ਨਾਲ ਸਭ ਪਾਪਾਂ ਤੋਂ ਮੁਕਤੀ ਮਿਲਦੀ ਹੈ।

ਕਿਥੋਂ ਤਕ ਕਹੀਏ? ਇਸ ਦੁਨੀਆਂ ਵਿਚ ਸੱਚਾ ਸਾਥੀ ਤੂੰ ਈ ਹੈ, ਕਿਉਂਕਿ ਆਤਮਾਂ ਦੇ ਮਰਨੇ ਤੋਂ ਤੂੰ ਹੀ ਬਚਾਂਦਾ ਹੈਂ, ਤੈਨੂੰ ਪਰਣਾਮ ਹੈ।


ਇਸ ਸੰਚੀ ਵਿਚ ਜਿਤਨੀਆਂ ਭੀ ਕਹਾਣੀਆਂ ਹਨ, ਸਭ ਵਿਚ ਕਰੁਣਾ ਰਸ ਹੀ ਪਰਧਾਨ ਹੈ, ਇਸੇ ਲਈ ਇਸ ਦਾ ਨਾਉਂ ਭੀ "ਹੰਝੂ" ਹੀ ਰਖਿਆ ਗਿਆ ਹੈ।

--- ਅਨੁਵਾਦਕ