ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਸਵਾਮੀ । ਮੇਰਾ ਸੀਨਾ ਪਾਟ ਜਾਂਦਾ ਏ । ਮੇਰੀ ਸਹੁੰ ਜੇ ।" ਜਨਕ ਨੇ ਜਿਵੇਂ ਵਾਸਤਾ ਪਾਇਆ ।"

"ਇਹ ਸੱਚ ਏ ਜਨਕ । ਤੇ ਸੱਚ ਵਲੋਂ ਅੱਖਾਂ ਮੀਟਿਆਂ ਸੱਚ ਮਿਟਦਾ ਨਹੀਂ।”

"ਪਰ ਹਾਲੇ ਅਸੀਂ ਕਿਹੜੇ ਬੁੱਢੇ ਹੋ ਗਏ ਹਾਂ, ਨਾਲੇ ਉਹਦੇ ਘਰ ਘਾਟਾ ਵੀ ਕੀ ਏ, ਜਦ ਤਕ ਸ੍ਵਾਸ ਤਦ ਤਕ ਆਸ ਤੇ ਹੈ ਹੀ, ਸੁਣੇਗਾ ਹੀ ਨ ਕਦੇ ਨ ਕਦੇ ।"

“ਕੀ ਪਤਾ ਏ ਸੁਣਦਾ ਏ ਕਿ ਨਹੀਂ। ਉਹਦਾ ਵੀ ਕੀ ਭਰੋਸਾ ਏ । ਉਹਦੇ ਘਰ ਵੀ ਕੋਈ ਨਿਆਂ ਨਹੀਂ । ਇੱਕਨਾਂ ਦੇ ਘਰ ਰੋੜਿਆਂ ਵਾਂਗਰ ਪੁਤਰ ਸੁੱਟੀ ਆਉਂਦਾ ਏ ਤੇ ਇਕ ਹਮਾਤੜ ਪੁਤਰ ਦਾ ਮੂੰਹ ਵੇਖਣ ਨੂੰ ਪਏ ਸਹਿਕਦੇ ਹਾਂ।

“ਕਰਮਾਂ ਦੀ ਖੇਡ ਏ । ਪਤਾ ਨਹੀਂ ਕਿਹੜੀਆਂ ਕੀਤੀਆਂ ਦਾ ਫਲ ਭੁਗਤ ਰਹੇ ਹਾਂ, ਸਾਡੇ ਕਰਮਾਂ ਦਾ ਹੀ ਦੋਸ਼ ਏ, ਉਹਦੇ ਘਰ ਤੋਂ ਘਾਟਾ ਨਹੀਂ। ਤੇ ਜਨਕ ਇਕ ਹਉਕਾ ਭਰ ਚੁੱਪ ਕਰ ਗਈ।

ਕਿੰਨੀ ਦੇਰ ਚੁਪ ਛਾਈ ਰਹੀ । ਤੇ ਫੇਰ ਮੁਲਕ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਨ ਲਗ ਪਿਆ : “ਜਦੋਂ ਦੀ ਹੋਸ਼ ਸੰਭਾਲੀ ਏ ਬੁਰਾ ਕਮ ਤੇ ਮੈਂ ਵੀ ਕੋਈ ਨਹੀਂ ਕੀਤਾ । ਜੇ ਪਿਛਲੇ ਜਨਮ ਵਿਚ ਵੀ ਕੋਈ ਗੁਨਾਹ ਕੀਤਾ ਸੀ ਤਾਂ ਕੀ ਐਨਾ ਦਾਨ-ਪੁੰਨ ਕਰਨ ਤੇ ਵੀ ਉਹਦਾ ਭਾਰ ਨਹੀਂ ਲੱਥਾ | ਐਨੇ ਦੇਵੀ-ਦੇਵਤੇ ਅਰਾਧੇ ਨੇ, ਪੀਰ-ਫਕੀਰ ਮਨਾਏ ਨੇ ਪਰ ਕਿਸੇ ਦਰੋਂ ਖ਼ੈਰ ਨਹੀਂ ਪਈ । ਸਿਆਣਿਆਂ ਐਵੇਂ ਤੇ ਨਹੀਂ ਆਖਿਆ : "ਕਰਮ ਹੋਣਗੇ ਲਿਖੇ, ਪੀਰ ਵੀ ਦੇਣਗੇ ਸੁਖੇ !"

"ਨਹੀਂ ਸ੍ਵਾਮੀ ਫ਼ਕੀਰ ਰੇਖ ਵਿਚ ਮੇਖ ਮਾਰ ਦੇਂਦੇ ਨੇ । ਪਰ ਸਮਾਂ ਔਣ ਤੇ... "ਜਨਕ ਨੇ ਅਜੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਮੁਲਕ ਵਿੱਚੋਂ ਟੋਕ ਬੋਲ ਪਿਆ: “ਮੈਥੋਂ ਹੋਰ ਸਬਰ ਨਹੀਂ ਹੁੰਦਾ, ਸਬਰ ਕਰ ਕਰਕੇ ਮੈਂ ਥੱਕ ਗਿਆ ਹਾਂ ।

“ਪਰ ਅਜੇ ਉਹ ਸਮਾਂ ਨਹੀਂ ਆਇਆ ਹੋਣਾ ਜਦੋਂ ਸਾਡੀ ਘਾਲ ਥਾਏਂ ਪੈਣੀ ਏ । ਸਵਾਮੀ, ਨਿਰਾਸ਼ ਨਹੀਂ ਹੋਈਦਾ | ਆਸ ਦੇ ਸਹਾਰੇ ਹੀ ਸਾਰਾ ਜੱਗ ਜੀਉਂਦਾ ਏ ।"

੯੫