ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਪੱਤਰ ਦੀ ਮੌਤ ਦਾ ਸੱਲ ਨਹੀਂ ਸਹਾਰ ਸਕਿਆ । ਪਾਗਲ ਹੋ ਗਿਆ, ਮਲਕ ਨੇ ਲੰਬੜ ਦੇ ਬੋਲਾਂ ਨੂੰ ਦੁਹਰਾਇਆ ਤੇ ਫੇਰ ਤਿਲਮਿਲਾ ਕੇ ਬੋਲਿਆ, ਇਹ ਕਿਵੇਂ ਹੋ ਸਕਦਾ ਏ ?"

"ਹੋ ਸਕਦਾ ਏ ਮਲਕ ਸਾਹਿਬ, ਬੜੇ ਬੜੇ ਪੀਰ ਅਵਤਾਰ ਔਲਾਦ ਦੀ ਮੌਤ ਤੇ ਡੋਲ ਜਾਂਦੇ ਨੇ । ਇਹ ਵਿਚਾਰਾ ਵੀ ਪਾਗਲ ਹੋ ਗਿਆ ਹੋਵੇਗਾ।" ਹਸਨ ਇਕ ਠੰਢਾ ਸਾਹ ਭਰ ਚੁਪ ਕਰ ਗਿਆ | ਸਭ ਚੁਪ ਚਾਪ ਇਕ ਦੂਜੇ ਨੂੰ ਘਰ ਰਹੇ ਸਨ । ਸਹਿਮਿਆ ਧੰਨਾ ਫੇਰ ਗਰਜ ਉਠਿਆ : “ਤੂੰ ਮਲਕ ਏ, ਮੈਂ ਤੇਰਾ ਖ਼ੂਨ ਪੀ ਜਾਵਾਂਗਾ। ਤੇਰਾ ਗਲਾ ਘੱਟ ਦਿਆਂਗਾ... ਤੂੰ ਮੇਰੇ ਬੱਚੇ ਦਾ ਕਾਤਲ ਏ...ਮਰ ਗਿਆ... ਬਸ ਮਰ ਗਿਆ । ਖਤਮ...ਕੰਮ ਖਤਮ । ਤੇ ਉਹ ਖਿੜਖਿੜ ਹਸਣ ਲਗ ਪਿਆਂ।

ਮਲਕ ਦਾ ਸਾਰਾ ਜਿਸਮ ਕੰਬ ਉਠਿਆ । ਗੁੱਸੇ ਨਾਲ ਲਾਲ ਹੋਇਆ ਉਹਦਾ ਚਿਹਰਾ ਪੀਲਾ ਜ਼ਰਦ ਹੋ ਗਿਆ, ਪਰ ਆਪਣੀ ਘਬਰਾਹਟ ਨੂੰ ਲੁਕਾਣ ਦਾ ਯਤਨ ਕਰਦਾ ਉਹ ਬੜੀ ਉਚੀ ਅਵਾਜ਼ ਵਿਚ ਬੋਲਿਆ : 'ਲੈ ਜਾਉ ਏਹਨੂੰ, ਦੇਖਦੇ ਕੀ ਹੋ, ਦਫ਼ਾ ਹੋ ਜਾਉ ।"

ਲੰਬੜ ਧੰਨੇ ਨੂੰ ਧਰੀਕਦਾ ਹੋਇਆ ਬਾਹਰ ਲੈ ਗਿਆ, ਮਲਕ ਤੇ ਹਸਨ ਦੋਵੇਂ ਕਿੰਨੀ ਦੇਰ ਬਾਹਰ ਹਨੇਰੇ ਨੂੰ ਘੂਰਦੇ ਰਹੇ । ਪਰ ਜਦੋਂ ਉਹਨਾਂ ਦੀਆਂ ਨਜ਼ਰਾਂ ਆਪਸ ਵਿਚ ਟੱਕਰਾਈਆਂ ਤਾਂ ਮਲਕ ਦੀ ਨਜ਼ਰ ਝੁਕ ਗਈ ।

ਕੌਣ ਸੀ ਏਹ ? ਹਸਨ ਦੀ ਆਵਾਜ਼ ਕੰਨੀਂ ਪੈਂਦਿਆਂ ਮਲਕੇ ਫੇਰ ਤ੍ਰਬਕ ਪਿਆ, ਪਰ ਝੱਟ ਹੀ ਆਪਾ ਸੰਭਾਲਦਾ ਹੋਇਆ ਬੋਲਿਆ: “ਸਾਲਾ ਚੋਰ ਏ, ਪਤਾ ਨਹੀਂ ਕਦੋਂ ਦਾ ਬਾਗ਼ ਚੋਂ ਫਲ ਚੁਰਾ ਕੇ ਵੇਚਦਾ ਰਿਹਾਂ ਏ, ਜਦੋਂ ਸਾਨੂੰ ਸੂਹ ਲਗ ਗਈ ਤਾਂ ਸਾਲਾ ਭੱਜ ਗਿਆ ।ਕਿੰਨੇ ਦਿਨਾਂ ਪਿਛੋਂ ਅਜ ਲੱਭਾ ਏ......ਤੇ ਪਾਗਲ ਬਣ ਬੈਠਾ ਏ ।"

"ਬੜਾ ਗੁਸਤਾਖ਼ ਏ । ਮਲਕ ਭਾਗ ਮਲ ਦੇ ਬਾਗ਼ 'ਚੋਂ ਚੋਰੀ ਕਰਦਾ ਸੀ ।"

“ਮੇਰਾ ਤੇ ਖ਼ਿਆਲ ਏ ਕਿ ਹਰਾਮੀ ਡਰਦਾ ਮਕੋਰ ਕਰ ਰਿਹਾ ਏ, ਪਾਗਲ ਨਹੀਂ। ਕਹਿ ਮਲਕ ਨੂੰ ਇੰਝ ਲੱਗਾ ਜਿਵੇਂ ਉਹਦੇ ਮਨ ਤੋਂ ਬਹੁਤ ਸਾਰਾ ਭਾਰ ਲੱਥ ਗਿਆ ਹੋਵੇ !

੮੯