ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਏਨਾ ਦਿਲ ਨਹੀਂ ਥੋੜ੍ਹਾ ਕਰੀਦਾ, ਕਦੇ ਨ ਕਦੇ ਤੇ ਸੁਣ ਹੀ ਲਏਗਾ । ਕਹਿੰਦੇ ਨੇ ਨ ਉਹਦੇ ਘਰ ਦੇਰ ਹੈ, ਅੰਧੇਰ ਨਹੀਂ।”

ਮਲਕ ਵਿਅੰਗਮਈ ਹਸਣੀ ਹੱਸਿਆ : "ਤੂੰ ਬਹੁਤ ਭੋਲੀ ਏਂ। ਅਜੇ ਕਲ ਤੇ ਸਭ ਪਾਸੇ ਅੰਧੇਰ ਹੀ ਅੰਧੇਰ ਹੈ, ਮੈਨੂੰ ਤੇਰੇ ਤੇ ਬੜਾ ਤਰਸ ਆਉਂਦਾ ਏ ਕਿ ਮੈਂ ਬੁੱਢੜ ਵਾਰੇ ਐਵੇਂ ਤੇਰੀ ਜ਼ਿੰਦਗੀ ਬਰਬਾਦ ਕੀਤੀ ਏ। ਜੋ ਮੇਰੇ ਕਰਮਾਂ ਵਿਚ ਹੀ ਨਹੀਂ ਸੀ ਤਾਂ......।”

ਜਨਕ ਨੇ ਮਲਕ ਦੇ ਮੂੰਹ ਤੇ ਹਥ ਰਖ ਉਸ ਨੂੰ ਅੱਗੇ ਕੁੱਝ ਕਹਿਣ ਤੋਂ ਰੋਕ ਲਿਆ।

ਫੇਰ ਕਿੰਨੀ ਦੇਰ ਚੁਪ ਛਾਈ ਰਹੀ । ਉਦਾਸ ਉਦਾਸ ਨਜ਼ਰਾਂ ਨਾਲ ਦੋਵੇਂ ਇਕ ਦੂਜੇ ਨੂੰ ਚੋਰ ਨਜ਼ਰੇ ਤਕਦੇ ਰਹੇ । ਆਖ਼ਰ ਜਨਕ ਨੇ ਚੁਪ ਨੂੰ ਤੋੜਦਿਆਂ ਆਖਿਆ : “ਚਲੋ ਉਠੋ ਜ਼ਰਾ ਬਾਗ ਵਲ ਹੋ ਆਈਏ। ਬੜੇ ਦਿਨ ਹੋ ਗਏ ਨੇ ਮੈਂ ਕਦੇ ਬਾਗ ਵਲ ਹੀ ਨਹੀਂ ਗਈ ।”

"ਪਰ ਮੇਰੀ ਤਬੀਅਤ ਠੀਕ......

"ਨਹੀਂ, ਉਠੋ ਨ ਸਵਾਮੀ, ਮੇਰੇ ਲਈ ਹੀ ਚਲ" ਜਨਕ ਨੇ ਮਲਕ ਨੂੰ ਬਾਹੋਂ ਫੜ ਉਠਾਂਦਿਆਂ ਆਖਿਆ ।

ਮਰੇ ਜਿਹੇ ਦਿਲ ਨਾਲ ਮਲਕ ਉਠ ਹੀ ਪਿਆ।

੫੨