ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਇਕ ਚੰਗਾ ਮੌਕਾ ਹੱਥ ਲੱਗਾ ਸੀ ।

ਨਵਾਬ ਤਾਂ ਉਸ ਤੇ ਅੱਗੇ ਹੀ ਬੜਾ ਖੁਸ਼ ਸੀ । ਉਹ ਉਸ ਨੂੰ ਆਪਣੇ ਸਭ ਤੋਂ ਵਿਸ਼ਵਾਸੀ-ਬੰਦਿਆਂ ਚੋਂ ਗਿਣਦਾ ਸੀ ਕਿਉਂਕਿ ਨਵਾਬ ਚੰਗੀ ਤਰ੍ਹਾਂ ਜਾਣਦਾ ਸੀ ਕਿ ਮਲਕ ਜ਼ਾਤ ਦਾ ਤਾਂ ਭਾਵੇਂ ਹਿੰਦੂ ਹੈ ਪਰ ਹੈ ਮੁਸਲਮਾਨਾਂ ਤੋਂ ਵੀ ਚੰਗਾ । ਇਸਲਾਮ ਦੀ ਜਿੰਨੀ ਖ਼ਿਦਮਤ ਮਲਕ ਨੇ ਕੀਤੀ ਸੀ ਕੋਈ ਚੰਗਾ ਮੁਸਲਮਾਨ ਨਹੀਂ ਕਰ ਸਕਦਾ। ਇਸ ਇਲਾਕੇ ਦੇ ਸੈਂਕੜੇ ਹਿੰਦੂ ਪਰਿਵਾਰਾਂ ਨੂੰ ਮਲਕ ਨੇ ਮੁਸਲਮਾਨ ਹੋਣ ਲਈ ਪ੍ਰੇਰਿਆ ਸੀ । ਅੰਦਰ ਖਾਨੇ ਉਹ ਕਈ ਵੇਰ ਨਵਾਬ ਨਾਲ ਨਿਮਾਜ਼ ਵੀ ਪੜ੍ਹ ਆਇਆ ਸੀ। ਉਹਦੀ ਵਫ਼ਾਦਾਰੀ ਤੇ ਸ੍ਵਾਮੀ-ਭਗਤੀ ਤੇ ਸ਼ੱਕ ਨਹੀਂ ਸੀ ਕੀਤਾ ਜਾ ਸਕਦਾ। ਜੇ ਨਵਾਬ ਰਾਤ ਨੂੰ ਦਿਨ ਆਖੇ ਤੇ ਦਿਨ ਨੂੰ ਰਾਤ ਆਖੇ ਤਾਂ ਇਸ ਗੱਲ ਦੀ ਹਾਮੀ ਭਰਨ ਵਾਲਿਆਂ ਵਿਚ ਮਲਕ ਸਭ ਤੋਂ ਮੋਹਰੀ ਸੀ । ਨਵਾਬ ਦੇ ਇਕ ਇਸ਼ਾਰੇ ਤੇ ਉਸ ਅਨੇਕਾਂ ਹਿੰਦੂ ਸ਼ਾਹੂਕਾਰਾ ਦਾ ਸਾਰਾ ਧਨ-ਮਾਲ ਖੋਹ ਨਵਾਬ ਦੇ ਪੈਰਾਂ ਵਿਚ ਢੇਰੀ ਕਰ ਦਿਤਾ ਸੀ । ਹਿੰਦੂਆਂ ਦੀ ਜਿਸ ਸੁਹਣੀ ਔਰਤ ਤੇ ਨਵਾਬ ਅੱਖ ਧਰਦਾ ਉਸ ਨੂੰ ਸ਼ਾਹੀ ਮਹੱਲਾਂ ਵਿਚ ਪਹੁੰਚਾਣਾ ਮਲਕ ਆਪਣਾ ਪਰਮ-ਧਰਮ ਸਮਝਦਾ ਸੀ । ਹਿੰਦੂਆਂ-ਮੁਸਲਮਾਨਾਂ ਦੇ ਵਿਚਕਾਰ ਹੋਏ ਕਿਸੇ ਝਗੜੇ ਵਿਚ ਵਧੀਕੀ ਭਾਵੇਂ ਹਿੰਦੂਆਂ ਨਾਲ ਹੀ ਹੋਈ ਹੁੰਦੀ, ਮਲਕ ਮੁਸਲਮਾਨਾਂ ਦਾ ਪੱਖ ਹੀ ਪੂਰਦਾ ਸੀ । ਤੇ ਇਹੀ ਕਾਰਨ ਸਨ ਜਿਹਨਾਂ ਕਰਕੇ ਉਹ ਨਵਾਬ ਦੇ ਕਾਰਕੁਨਾਂ 'ਚੋਂ ਮੋਹਰੀ ਸੀ। ਰਾਜ ਪ੍ਰਬੰਧ ਦਾ ਬਹੁਤਾ ਕੰਮ ਉਹਦੇ ਹੱਥ ਹੀ ਸੀ ।

ਸ਼ਹਿਜ਼ਾਦੇ ਦੀ ਬੀਮਾਰੀ ਸਮੇਂ, ਮਲਕ ਦੀ ਨਿਸ਼ਕਾਮ ਸੇਵਾ ਵੇਖਕੇ, ਨਵਾਬ ਦੀਆਂ ਨਜ਼ਰਾਂ ਵਿਚ ਉਹ ਦੀ ਕੀਮਤ ਹੋਰ ਵੀ ਵਧ ਗਈ। ਸ਼ਹਿਜ਼ਾਦੇ ਦੇ ਦੁਖ ਨੂੰ ਜਿਸ ਸ਼ਿੱਦਤ ਨਾਲ ਮਲਕ ਨੇ ਮਹਿਸੂਸਿਆ ਸੀ ਉਸਦੇ ਕਿਸੇ ਸਾਕ-ਸੰਬੰਧੀ ਨੇ ਵੀ ਨਹੀਂ ਸੀ ਮਹਿਸੂਸਿਆ।

ਅਣਗਿਣਤ ਵੈਦ ਹਕੀਮ, ਉਸ ਸ਼ਹਿਜ਼ਾਦੇ ਦੇ ਇਲਾਜ ਲਈ ਦੂਰੋਂ ਨੇੜਿਓਂ ਮੰਗਵਾਏ ਸਨ । ਜਿਥੇ ਕਿਤੇ ਵੀ ਕਿਸੇ ਸਿਆਣੇ ਦੀ ਦਸ ਪਈ ਨੂੰ ਮਲਕ ਨੇ ਬੰਦੇ ਭੇਜਵਾਣ ਵਿਚ ਦੇਰ ਨਹੀਂ ਕੀਤੀ । ਜੋ ਜੋ ਕਿਸੇ ਦਸਿਆ ਉਹੀ ਕੀਤਾ ਪਰ ਸ਼ਹਿਜ਼ਾਦੇ ਦੀ ਹਾਲਤ ਸੁਧਰਨ ਦੀ ਬਜਾਏ ਦਿਨੋਂ ਦਿਨ ਵਿਗੜਦੀ ਹੀ ਗਈ ।

੩੩