ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਚੰਗਾ ਆ ਚਲੀਏ, ਕੁੱਝ ਦੇਰ ਬਾਅਦ ਮੈਂ ਫੇਰ ਜਾਂਵਾਂਗਾ, ਉਹਦਾ ਚੇਲਾ ਕਹਿੰਦਾ ਸੀ ਕਿ ਦੁਪਹਿਰ ਤੋਂ ਪਹਿਲਾਂ ਪਹਿਲਾਂ ਸਾਧ ਬਾਹਰ ਆ ਜਾਂਦਾ ਏ ।' ਕਹਿ ਉਹ ਘਰ ਵਲ ਤੁਰ ਪਿਆ। ਧੰਨਾ ਤੇ ਚਾਚੀ ਵੀ ਲੱਤਾਂ ਧਰੀਕਦੇ ਉਹਦੇ ਪਿਛੇ ਪਿਛੇ ਟੁਰ ਪਏ ।

ਵਿਹੜੇ ਵਿਚ ਆ ਕੇ ਧੰਨੇ ਨੇ ਜੋ ਵੇਖਿਆ, ਉਹਦੇ ਨਾਲ ਉਹਦੀ ਘਬਰਾਹਟ ਹੋਰ ਵੀ ਵਧ ਗਈ । ਸਾਰੇ ਨੇੜੇ ਤੇੜੇ ਦੇ ਸਾਕ-ਸੰਬੰਧੀ ਤੇ ਆਂਢੀ-ਗੁਆਂਢੀ ਜੁੜੇ ਬੈਠੇ ਸਨ । ਕਮਰੇ ਦੇ ਦਰਵਾਜ਼ੇ 'ਚੋਂ ਬਾਹਰ ਵਲ ਆਉਂਦਾ ਕੋਈ ਆਖ ਰਿਹਾ ਸੀ, 'ਪਤਾ ਨਹੀਂ ਕਿਹੜੇ ਜਨਮਾਂ ਦਾ ਲੈਣ-ਦੇਣ ਏ, ਮੁੰਡਾ ਕਿੱਦਾਂ ਲੁਛ ਰਿਹਾ ਏ । ਮੇਰੇ ਤੋਂ ਤਾਂ ਵੇਖਿਆ ਨਹੀਂ ਜਾਂਦਾ।'

ਐਨੇ ਨੂੰ ਉਹਦੀ ਛੋਟੀ ਭੈਣ ਉਹਦੇ ਗਲ ਆ ਲਿਪਟੀ, ਉਹ ਕਾਫ਼ੀ ਰੋਈ ਹੋਈ ਲਗਦੀ ਸੀ, ਉਹਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਤੇ ਗੱਲ੍ਹਾਂ ਤੇ ਵਹਿੰਦੇ ਹੰਝੂਆਂ ਦੇ ਨਿਸ਼ਾਨ ਅਜੇ ਸੁੱਕੇ ਨਹੀਂ ਸਨ । ਵੀਰ ਨੂੰ ਮਿਲਕੇ ਭੈਣ ਦੀਆਂ ਚੀਕਾਂ ਨਿਕਲ ਗਈਆਂ “ਵੇ ਵੀਰ ਕੋਈ ਚਾਰਾ ਕਰ ਲੈ ਅਸੀ ਲੁੱਟੇ ਚਲੇ ਆਂ, ਕਾਲੂ ਨਾਲ ਬੁਰੀ ਪਈ ਹੁੰਦੀ ਊੂ ।

ਧੰਨੇ ਨੂੰ ਧਰਤੀ ਵੇਹਲ ਨਹੀਂ ਸੀ ਦੇਂਦੀ, ਨਹੀਂ ਤੇ ਉਹ ਵਿੱਚੇ ਹੀ ਗ਼ਰਕ ਜਾਂਦਾ। ਉਹ ਕੀ ਚਾਰਾ ਕਰ ਸਕਦਾ ਸੀ, ਜਿਹੜੇ ਦੋ ਰੁਪਏ ਉਸਨੂੰ ਮਲਕ ਨੇ ਦਿਤੇ ਸਨ ਉਹ ਮਾਰਨ ਵਾਲਿਆਂ ਉਹਦੀ ਬੇਸੁਰਤੀ ਦੀ ਹਾਲਤ ਵਿਚ ਉਹਦੇ ਜੇਬੋਂ ਕੱਢ ਲਏ ਸਨ ।

"ਵੇ ਵੀਰ, ਜੇ ਕਾਲੂ ਨੂੰ ਕੁੱਝ ਹੋ ਗਿਆ ਤਾਂ ਅਸੀਂ ਕੀ ਕਰਾਂਗੇ ।” ਭੈਣ ਦਰਦ ਨਾਲ ਮਰਦੀ ਜਾ ਰਹੀ ਸੀ ।

ਧੰਨੇ ਨੂੰ ਕੁੱਝ ਸੁੱਝ ਨਹੀਂ ਸੀ ਰਹਿਆ । ਡੌਰ ਭੌਰ ਹੋਇਆ ਉਹ ਏਧਰ ਉਧਰ ਵੇਖਣ ਲਗ ਪਿਆ ।

"ਹਾ-ਏ-ਹਾ-ਏ-ਏ ।" ਕਾਲੂ ਦੇ ਕਰਾਹੁਣ ਦੀ ਅਵਾਜ਼ ਨੇ ਉਸਨੂੰ ਝੰਜੋੜ ਸੁਟਿਆ ! ਉਹ ਤੇਜ਼ੀ ਨਾਲ ਕਮਰੇ ਵਿਚ ਜਾ ਵੜਿਆ।

“ਵੇਖ ਕਾਲੇ ਤੇਰਾ ਬਾਪੂ ਆਇਆ ਈ ।" ਮੁੰਡੇ ਦੇ ਸਰਹਾਂਦੀ ਬੈਠੀ ਉਹਦੀ ਵਡੀ ਭੈਣ ਨੇ ਮੁੰਡੇ ਦਾ ਮੂੰਹ ਉਹਦੇ ਵਲ ਕਰਦਿਆਂ ਆਖਿਆ।

੨੯