ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਣਕੇ ਧੰਨੇ ਨੇ ਸੁਖ ਦਾ ਸਾਹ ਲਿਆ ਪਰ ਉਸਨੂੰ ਜਿਵੇਂ ਚਾਚੀ ਦੇ ਬੋਲਾਂ ਤੇ ਯਕੀਨ ਨਹੀਂ ਆਇਆ, ਉਸਨੇ ਹੈਰਾਨੀ ਨਾਲ ਚਾਚੀ ਦੇ ਮੂੰਹ ਵਲ ਤਕਦਿਆਂ ਪੁਛਿਆ “ਕਾਲੂ ਠੀਕ ਏ ਚਾਚੀ ?

"ਹਾਂ ਪੁੱਤ । ਪਰ ਤੂੰ ਕੋਈ ਸਿਆਣਾ ਨਹੀਂ ਲਿਆਇਆਂ ਸ਼ਹਿਰੋਂ। ਏਥੇ ਤਾਂ ਤਕੜੀ ਤੋਲੂ ਬਾਣੀਏ ਵੈਦ ਬਣੀਂ ਬੈਠੇ ਨੇ, ਕਿਸੇ ਨੂੰ ਮਰਜ਼ ਦਾ ਪਤਾ ਹੀ ਨਹੀਂ ਲੱਗਦਾ।"

ਚਾਚੀ ਦੇ ਇਹ ਬੋਲ ਸੁਣ ਧੰਨੇ ਤੇ ਜਿਵੇਂ ਸੱਤਰ ਘੜੇ ਪਾਣੀ ਪੀ ਗਿਆ । ਉਹਦੀਆਂ ਨਜ਼ਰਾਂ ਝੁਕ ਗਈਆਂ, ਜਵਾਬ ਵਿਚ ਉਹ ਆਖੇ ਤੇ ਕੀ ਆਖੇ, ਉਸਨੂੰ ਕੁੱਝ ਸੁੱਝ ਨਹੀਂ ਰਿਹਾ ਸੀ।

“ਕੋਈ ਨਹੀਂ।" ਚਾਚੀ ਉਹਦੀ ਚੁਪ ਦਾ ਮਤਲਬ ਸਮਝ ਗਈ ਸੀ।

ਧੰਨੇ ਨੇ ਫੇਰ ਵੀ ਕੋਈ ਹੁੰਗਾਰਾ ਨਹੀਂ ਭਰਿਆ ਪਰੰਤੂ ਉਹਦੀਆਂ ਅੱਖਾਂ 'ਚੋਂ ਪਰਲ ਪਰਲ ਹੰਝੂ ਵਹਿ ਤੁਰੇ । ਚਾਚੀ ਨੇ ਅੱਗੇ ਹੋ ਉਸਨੂੰ ਛਾਤੀ ਨਾਲ ਲਾ ਲਿਆ, “ਨਾ ਪੁਤ ਏਨਾ ਦਿਲ ਨਹੀਂ ਥੋੜ੍ਹਾ ਕਰੀਦਾ, ਜੋ ਮੁਕੱਦਰ ਵਿਚ ਲਿਖਿਆ ਏ ਉਹੋ ਹੀ ਮਿਲਣਾ ਏ, ਪਤਾ ਨਹੀਂ ਕਿਹੜੇ ਜਨਮਾਂ ਦੇ ਕੀਤੇ ਕਰਮਾਂ ਦਾ ਫਲ ਭੋਗ ਰਹੇ ਹਾਂ । ਮਨੁੱਖਾ ਜਨਮ ਪਾ ਕੇ ਵੀ ਪਸੂਆਂ ਵਾਂਗ ਲਾਚਾਰ ਤੇ ਅਵਾਜ਼ਾਰ ਹਾਂ । ਚਾਚੀ ਆਪ ਫਿਸ ਪਈ ।

“ਕਦੋਂ ਆਇਆ ਏ ਧੰਨਿਆ ਉਸਦੇ ਮੋਢੇ ਤੇ ਹੱਥ ਰਖਕੇ ਕਿਸੇ ਪੁਛਿਆ । ਧੰਨੇ ਨੇ ਪਰਤ ਕੇ ਡਿੱਠਾ ਉਹਦਾ ਵਡਾ ਭਰਾ ਸੰਤੂ ਉਹਨਾਂ ਦੇ ਕੋਲ ਖਲੋਤਾ ਸੀ । ਉਹ ਬੜਾ ਘਬਰਾਇਆ ਹੋਇਆ ਲਗਦਾ ਸੀ । ਅਤੇ ਉਹ ਘਰ ਵਲੋਂ ਨਹੀਂ ਪਿੰਡ ਵਲੋਂ ਆਇਆ ਲਗਦਾ ਸੀ । "ਸੁਣਾ ਪੁਤ, ਸਾਧ ਮੰਨਿਆ ਏ ਕਿ ਨਹੀਂ।” ਸੰਤੂ ਨੂੰ ਸਾਹਮਣੇ ਵੇਖ ਚਾਚੀ ਨੇ ਪੁਛਿਆ ।

“ਉਹ ਤੇ ਅਜੇ ਭੋਰੇ 'ਚੋਂ ਹੀ ਨਹੀਂ ਨਿਕਲਿਆ, ਮੈਂ ਕਿੰਨੀ ਦੇਰ ਬੈਠਾ ਉਡੀਕਦਾ ਰਿਹਾ |" ਸੰਤੂ ਨੇ ਮਾਯੂਸ ਹੋ ਜਵਾਬ ਦਿਤਾ ਤੇ ਫੇਰ ਜਿਵੇਂ ਉਸਨੂੰ ਅਚਾਨਕ ਕੁੱਝ ਯਾਦ ਆ ਗਿਆ, ਧੰਨੇ ਵਲ ਮੂੰਹ ਕਰਕੇ ਬੋਲਿਆ, “ਤੂੰ ਨਹੀਂ......ਹਾਲੀ ਉਸ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਚਾਚੀ ਨੇ ਹੱਥ ਦੇ ਇਸ਼ਾਰੇ ਨਾਲ ਉਸਨੂੰ ਚੁਪ ਕਰਾ ਦਿਤਾ ।

੨੮