ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਲਕੁਲ ਨਹੀਂ ਸੀ ।

ਬਦਲ ਹੁਣ ਬੜੇ ਜ਼ੋਰ ਨਾਲ ਗਰਜ ਰਹੇ ਸਨ। ਤੇਜ਼ ਹਵਾ ਝਖੜ ਦਾ ਰੂਪ ਧਾਰ ਗਈ ਸੀ। ਕੁੱਝ ਮੌਸਮ ਦੀ ਸੀਤ ਤੇ ਕੁੱਝ ਗਿੱਲੀ ਧਰਤੀ ਦੀ ਸਿੱਲ ਧੰਨੇ ਦਾ ਜਿਸਮ ਆਕੜਦਾ ਜਾ ਰਿਹਾ ਸੀ । ਪਲ ਪਲ ਵਧਦੀ ਜਾ ਰਹੀ ਪਿਆਸ ਉਹਦੇ ਸਰੀਰ ਨੂੰ ਹੋਰ ਨਿਤਾਣਾ ਕਰੀ ਜਾ ਰਹੀ ਸੀ । ਉਹਨੂੰ ਭਾਸ ਰਿਹਾ ਸੀ ਕਿ ਜੇਕਰ ਕੁੱਝ ਦੇਰ ਹੋਰ ਇਵੇਂ ਹੀ ਪਿਆ ਰਿਹਾ ਤਾਂ ਉਹ ਪਾਣੀ ਨੂੰ ਸਹਿਕਦਿਆਂ ਹੀ ਮਰ ਜਾਏਗਾ।

ਮੌਤ ਦੇ ਭੈਅ ਨੇ ਉਹਦੇ ਜਿਸਮ ਵਿਚ ਨਵੀਂ ਸਤਿਆਂ ਲੈ ਆਂਦੀ । ਹੰਭਲਾ ਮਾਰ ਉਹ ਉਠ ਖਲੋਤਾ। ਬਾਂਗ ਦੀ ਅਵਾਜ਼ ਅਜੇ ਤਕ ਉਵੇਂ ਹੀ ਆ ਰਹੀ ਸੀ । ਅਵਾਜ਼ ਦਾ ਪਿਛਾ ਕਰਦਾ ਕਰਦਾ ਉਹ ਉਸੇ ਪਾਸੇ ਹੋ ਤੁਰਿਆ। ਅਜੇ ਉਸ ਦੇ ਤਿੰਨ ਕਦਮ ਹੀ ਪੁੱਟੇ ਸਨ ਕਿ ਉਹ ਭੰਵਾਟਣੀ ਖਾ ਕੇ ਡਿੱਗ ਪਿਆ । ਪਰ ਉਸ ਹਿੰਮਤ ਨਹੀਂ ਹਾਰੀ। ਉਠਕੇ ਲੜਖੜਾਂਦਾ ਫੇਰ ਤਰ ਪਿਆ।

ਚਾਰੇ ਪਾਸੇ ਘੁਪ ਹਨੇਰਾ ਸੀ । ਰਾਹ ਖਹਿੜਾ ਕੋਈ ਸੁਝਦਾ ਨਹੀਂ ਸੀ, ਉਹ ਜਾਏ ਤੇ ਕਿਧਰ ਜਾਏ ? ਬਦਲਵਾਈ ਰਾਤ ਹੋਣ ਕਾਰਨ ਹਨੇਰਾ ਏਨਾ ਸੰਘਣਾ ਸੀ ਕਿ ਹਥ ਪਸਾਰਿਆਂ ਨਹੀਂ ਸੀ ਦਿਸਦਾ । ਤੇ ਜਿਉਂ ਜਿਉਂ ਉਹ ਲੱਤਾਂ ਧਰੀਕੀ ਤੁਰਿਆ ਜਾ ਰਿਹਾ ਸੀ ਅਵਾਜ਼ ਹੋਰ ਦੂਰ ਹੁੰਦੀ ਜਾ ਰਹੀ ਸੀ । ਏਨੇ ਨੂੰ ਨੇੜੇ ਕਿਤੇ ਮੰਦਰ ਵਿਚ ਟਲੀਆਂ ਵਜਣ ਲੱਗ ਪਈਆਂ, ਹਲਟੀ ਦੀ ‘ਟੱਕ, ਟੱਕ' ਦੀ ਅਵਾਜ਼ ਦੇ ਨਾਲ 'ਹਰੇ ਰਾਮ, 'ਸੀਤਾ ਰਾਮ, ਹਰੇ ਰਾਮ, ਰਾਧੇ ਸ਼ਾਮ’ ਦੀਆਂ ਉਚੀਆਂ ਅਵਾਜ਼ਾਂ ਵਾਤਾਵਰਨ ਵਿਚ ਸੁਣਾਈ ਦੇਣ ਲਗ ਪਈਆਂ । ਇਹ ਅਵਾਜ਼ਾਂ ਬਹੁਤ ਨੇੜਿਉਂ ਆਉਂਦੀਆਂ ਲੱਗਦੀਆਂ ਸਨ । ਧੰਨੇ ਦੇ ਕਦਮ ਏਧਰ ਨੂੰ ਹੋ ਟੁਰੇ ।

ਮੰਦਰ ਦੇ ਦੁਆਰ ਕੋਲ ਪਹੁੰਚ, ਉਹ ਠਿਠਕ ਕੇ ਰੁੱਕ ਗਿਆ ਸੀ । ਸਾਹਮਣੇ ਮੰਦਰ ਦੇ ਕਮਰੇ ਵਿਚ ਭਗਵਾਨ ਰਾਮ ਤੇ ਕ੍ਰਿਸ਼ਨ ਦੀਆਂ ਸੰਗਮਰਮਰੀ ਮੂਰਤੀਆਂ ਲਿਸ਼ਕ ਰਹੀਆਂ ਸਨ । ਇਕ ਪੁਜਾਰੀ ਇਹਨਾਂ ਬੁੱਤਾਂ ਦੇ ਖਬੇ ਪਾਸੇ ਵਲ ਖੜਾ ਇਹਨਾਂ ਨੂੰ ਇਸ਼ਨਾਨ ਕਰਵਾ ਰਿਹਾ ਸੀ। ਕਮਰੇ ਦੇ ਦਰਵਾਜ਼ੇ ਦੇ ਬਾਹਰਵਾਰ ਨਾਲੀ ਦੇ ਕੋਲ ਬੈਠਾ ਜੱਤਲ ਕੁੱਤਾ ਅੰਦਰੋਂ ਆ ਰਿਹਾ ਦੁਧੀਆ ਪਾਣੀ ਪਚਕ ਪਚਕ ਪੀ ਰਿਹਾ ਸੀ ।

੨੩