ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿੰਨ ਪਹਿਰ ਰਾਤ ਬੀਤ ਚੁੱਕੀ ਸੀ, ਜਦੋਂ ਧੰਨੇ ਦੀ ਹੋਸ਼ ਪਰਤੀ । 'ਪਾਣੀ ਪਾਣੀ' ਕਰਦਿਆਂ ਉਸ ਅੱਖਾਂ ਖੋਲ੍ਹੀਆਂ । ਸਭ ਪਾਸੇ ਘੁੱਪ ਹਨੇਰਾਂ ਸੀ, ਮੱਸਿਆ ਚੋਦੇਂ ਦੀ ਕਾਲੀ ਡਰਾਉਣੀ ਰਾਤ । ਮਸਤ ਹਾਥੀਆਂ ਵਾਂਗ ਗਰਜਦੇ ਬਦਲ ਅਕਾਸ਼ ਵਿਚ ਇਧਰ ਉੱਧਰ ਭਜ ਰਹੇ ਸਨ । ਪਲ ਪਲ ਪਿਛੋਂ ਕੜਕ ਕੜਕ ਪੈਂਦੀ ਬਿਜਲੀ ਹਨੇਰੇ ਦੀ ਹਿੱਕ ਨੂੰ ਚੀਰਨ ਦਾ ਅਸਫਲ ਯਤਨ ਕਰਦੀ ਅਜੇ ਬੇਦਮ ਨਹੀਂ ਸੀ ਹੋਈ । ਬਿਸੀਅਰ ਨਾਗ ਵਾਂਗ ਸ਼ੂਕਦੀ ਹਵਾ ਨੇ ਕਈ ਰੁਖੇ ਜੜ੍ਹੋਂ ਪੁੱਟ ਸੁਟੇ ਸਨ ਪਰ ਅਜੇ ਉਹ ਸ਼ਾਂਤ ਨਹੀਂ ਸੀ ਹੋਈ । ਬਾਰਸ਼ ਹੋਣ ਭਾਵੇਂ ਥੰਮ ਚੁਕੀ ਸੀ ਪਰ ਕੁਝ ਦੇਰ ਪਹਿਲੇ ਮੋਹਲੇਧਾਰ ਮੀਂਹ ਪੈਣ ਕਾਰਨ ਠੰਢ ਕਾਫ਼ੀ ਵਧ ਗਈ ਸੀ।

'ਪਾਣੀ' ਕੁਝ ਦੇਰ ਬਾਅਦ’ ਧੰਨੇ ਨੇ ਫੇਰ ਪੁਕਾਰਿਆ । ਪਿਆਸ ਨਾਲ ਉਸ ਦਾ ਸੰਘ ਸੁਕਦਾ ਜਾ ਰਿਹਾ ਸੀ। 'ਪਾਣੀ ਪਾਣੀ-ਣੀਂ ਆਪਣੇ ਖ਼ੁਸ਼ਕ ਹੋਠਾਂ 'ਤੇ ਜੀਭ ਫੇਰਦਿਆਂ ਧੰਨਾ ਬੁੜਬੁੜਾਇਆ ਤੇ ਫਿਰ ਇਕ ਪਾਸੇ ਸਿਰ ਸੁਟ ਕੇ ਪੈ ਗਿਆ ।

ਕੜ ...ਕੁੜ ...ਕੜ ਕੜਕ ਕੇ ਪਈ ਬਿਜਲੀ ਕਾਰਨ ਧੰਨਾ ਡਰ ਕੇ ਕੰਬ ਉਠਿਆ। ਕਾਹਲੀ ਨਾਲ ਉਸ ਉਠ ਕੇ ਭਜਨਾ ਚਾਹਿਆ ਪਰ ਉਸ ਤੋਂ ਉਠ ਨਹੀਂ ਹੋਇਆ। ਉਸ ਨੂੰ ਇੰਝ ਲੱਗਾ ਜਿਵੇਂ ਛਾਤੀ ਤੋਂ ਹੇਠਾਂ ਹੇਠਾਂ ਉਸ ਦਾ ਸਾਰਾ ਜਿਸਮ ਹੀਂ ਪਥਰ ਹੋ ਗਿਆ ਹੋਵੇ । ਬਿਜਲੀ ਫੇਰ ਕੜਕੀ ਤੇ ਨਾਲ ਹੀ ਮੀਹ ਦਾ ਇਕ ਸ਼ਰਾਟਾ ਜਿਹਾ ਆਇਆ । ਪਾਣੀ ਦੀਆਂ ਕੁੱਝ ਬੂੰਦਾਂ ਧੰਨੇ ਦੇ ਪਿਆਸੇ ਹੋਠਾਂ ਤੇ ਪਈਆਂ । 'ਪਾਣੀ' ਬੁਲ੍ਹਾਂ ਤੇ ਜੀਭ ਫੇਰਦਿਆਂ ਤ੍ਰਬਕ ਕੇ ਧੰਨੇ ਨੇ ਫੇਰ ਉਠਣ ਦਾ ਯਤਨ ਕੀਤਾ | ਅਰਕਾਂ ਭੋਇੰ ਵਿਚ ਲਾ ਉਸ ਉਠਣਾ ਚਾਹਿਆ ਪਰੰਤੂ ਉਸ ਦੀਆਂ ਅਰਕਾਂ ਹੀ ਜ਼ਿਮੀ 'ਚ ਧਸ ਗਈਆਂ ।