ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੇ ਦਿਨ ਇਹ ਗੱਲ ਜੰਗਲ ਦੀ ਅੱਗ ਵਾਂਗ ਸਾਰੇ ਸ਼ਹਿਰ ਵਿਚ ਫੈਲ ਗਈ ਕਿ ਨਵਾਬ ਜ਼ਾਲਮ, ਖਾਨ ਨਾਨਕ ਫ਼ਕੀਰ ਦਾ ਮੁਰੀਦ ਹੋ ਗਿਆ ਹੈ ਤੇ ਸ਼ਹਿਜ਼ਾਦਾ ਜਿਸ ਨੂੰ ਕੋਈ ਦਵਾ-ਦਾਰੂ ਪੋਂਹਦਾ ਤਕ ਨਹੀਂ ਸੀ । ਫ਼ਕੀਰ ਦੇ ਬਚਨਾਂ ਨਾਲ ਹਲਾਲ ਦਾ ਟੁੱਕਰ ਖਾ, ਰਾਜ਼ੀ ਹੋ ਗਿਆ ਹੈ ।

ਘਰ ਘਰ ਨਾਨਕ ਦੀ ਚਰਚਾ ਹੋਣ ਲਗੀ । ਜਿਥੇ ਚਾਰ ਬੰਦੇ ਇਕੱਠੇ ਹੁੰਦੇ ਨਾਨਕ ਫ਼ਕੀਰ ਦੀਆਂ ਗੱਲਾਂ ਛਿੜ ਪੈਂਦੀਆਂ । ਕਲ ਤਕ ਕਾਜ਼ੀਆਂ ਬ੍ਰਾਹਮਣਾਂ ਦੇ ਆਖੇ ਲਗ ਲੋਕ ਜਿਸ ਨਾਨਕ ਨੂੰ ਕੁਰਾਹੀਆ ਕਹਿ ਕੇ ਤਿਸਕਾਰਦੇ ਰਹੇ ਸਨ ਅਜ ਲੋਕਾਂ ਦੀ ਸ਼ਰਧਾ ਦਾ ਪਾਤਰ ਬਣ ਚੁਕਾ ਸੀ । ਲੋਕ ਆਪਣੀ ਭੁੱਲ ਤੇ ਪਛਤਾਂਦੇ ਆਖ ਰਹੇ ਸਨ, "ਅਸੀਂ ਤੇ ਭੁਲੇ ਹੀ ਰਹੇ ਇਹ ਫ਼ਕੀਰ ਤੇ ਗੋਦੜੀ ਵਿਚ ਲਾਲ ਨਿਕਲਿਆ ਏ। ਹਰ ਕੋਈ ਵਧ ਚੜ੍ਹ ਕੇ ਉਸ ਦੀ ਤਾਰੀਫ਼ ਕਰਨ ਵਿਚ ਫ਼ਖ਼ਰ ਸਮਝ ਰਿਹਾ ਸੀ । ਮੁਸਲਮਾਨ ਆਖਦੇ “ਨਾਨਕ ਸ਼ਾਹ ਵਡਾ ਪੀਰ ਏ ਇਹਨੂੰ ਖ਼ੁਦਾ ਦੀ ਨਿਵਾਜ਼ਸ਼ ਹੋਈ ਏ ।" ਹਿੰਦੂ ਕਹਿੰਦੇ, ਨਾਨਕ ਰਾਮ ਦਾ ਅਵਤਾਰ ਏ, ਕਲਿਯੁਗੀ ਜੀਵਾਂ ਦੇ ਆਧਾਰ ਲਈ ਭਗਵਾਨ ਰਾਮ ਮੁੜ ਮਨੁਖਾ ਜਨਮ ਧਾਰ ਕੇ ਆਇਆ ਏ । ਲੋਕਾਂ ਦੀ ਜ਼ਬਾਨ ਨਾਨਕ ਦੇ ਗੁਣ ਗਾਉਂਦੀ ਨਹੀਂ ਸੀ ਥਕਦੀ । ਨਾਨਕ ਨੇ ਬਚਪਨ ਵਿਚ ਰਾਇਭੋਇ ਦੀ ਤਲਵੰਡੀ ਤੇ ਫੇਰ ਸੁਲਤਾਨਪੁਰ ਵਿਚ ਜਿਹੜੇ ਕੌਤਕ ਕੀਤੇ ਸਨ ਉਹ ਅਜ ਸੈਦਪੁਰੀਆਂ ਦੀ ਜ਼ਬਾਨ ਤੇ ਸਨ। ਜਿਹਨਾਂ ਜਿਹਨਾਂ ਉਹਦਾ ਦਰਸ਼ਨ ਕੀਤਾ ਸੀ ਉਹ ਆਪਣੇ ਸਾਥੀਆਂ ਨੂੰ ਬੜੀ ਹੈਰਤ ਨਾਲ ਦਸ ਰਹੇ ਸਨ : “ਐਸਾ ਅਲਮਸਤ ਤੇ ਅਲਗਰਜ਼ ਫ਼ਕੀਰ ਅਸਾਂ ਜ਼ਿੰਦਗੀ ਵਿਚ ਨਹੀਂ ਵੇਖਿਆ । ਉਹਦੇ ਚਿਹਰੇ ਤੇ ਕੋਈ ਨੂਰ ਏ ! ਉਹਦੇ ਦਰਸ਼ਨ ਕਰ ਮਨ ਸ਼ਾਂਤ ਹੋ ਜਾਂਦਾ ਏ,