ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/103

(ਪੰਨਾ:Gumnam Kudi De Khat.pdf/103 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨੯

ਬੜੇ ਪਿਆਰੇ ਦੇਵਿੰਦਰ ਜੀ,

ਤੁਹਾਡੇ ਖ਼ਤ ਵਿਚੋਂ ਮੈਂ 'ਸ਼ਾ..ਦੀ' ਬਾਬਤ ਵਿਚਾਰ ਪੜ੍ਹੇ। ਪਰ ਕਈਆਂ ਨਾਲ ਮੈਂ ਸਹਿਮਤ ਨਹੀਂ। ਹੋ ਸਕਦਾ ਹੈ ਮੈਂ ਗ਼ਲਤ ਹੋਵਾਂ, ਪਰ ਹਰ ਇਕ ਨੂੰ ਸਮੇਂ ਦੇ ਨਾਲ ਨਾਲ ਚਲਣਾ ਪੈਂਦਾ ਹੈ। ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਸ਼ਾਦੀਆਂ ਕੀਤੀਆਂ ਸਨ, ਉਹ ਰਿਵਾਜ ਅਜ ਪ੍ਰਚਲਤ ਨਹੀਂ। ਸਿਵਾਏ ਉਨ੍ਹਾਂ ਪਿੰਡਾਂ ਵਿਚ ਜਿਨ੍ਹਾਂ ਵਿਚ ਅਜੇ ਮੌਜੂਦਾ ਜ਼ਮਾਨੇ ਦੀ ਸਭਿਅਤਾ ਦੀ ਕੋਈ ਕਿਰਨ ਨਹੀਂ ਗਈ। ਤੇ ਜਿਹੜੇ ਰਿਵਾਜ ਅਜ ਕਲ੍ਹ ਹਨ, ਉਨ੍ਹਾਂ ਤੇ ੧੦ - ੧੫ ਵਰ੍ਹਿਆਂ ਮਗਰੋਂ ਮਖ਼ੌਲ ਉਡਾਇਆ ਜਾਇਗਾ। ਜਿਉਂ ਜਿਉਂ ਲੜਕੀਆਂ ਪੜ੍ਹਦੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਖ਼ਿਆਲ ਬਦਲਦੇ ਜਾ ਰਹੇ ਹਨ। ਤੁਸੀ ਉਨ੍ਹਾਂ ਨੂੰ ਰੋਕ ਨਹੀਂ ਸਕਦੇ, ਕਿਉਂਕਿ ਉਨ੍ਹਾਂ ਨੂੰ ਆਪਣੇ ਭਲੇ-ਬੁਰੇ ਦਾ ਹੁਣ ਆਪ ਪਤਾ ਲਗਦਾ ਜਾ ਰਿਹਾ ਹੈ। ਉਨ੍ਹਾਂ ਦੀ ਸੋਚਣ-ਸ਼ਕਤੀ ਵਧਦੀ ਜਾ ਰਹੀ ਹੈ। ਆਪਣੇ ਭਵਿਸ਼ਤ ਨੂੰ ਉਹ ਆਪ ਚੰਗੀ ਤਰ੍ਹਾਂ ਸੋਚ ਵਿਚਾਰ ਸਕਦੀਆਂ ਨੇ। ਉਹ ਪਿਛੋਂ ਮਾਪਿਆਂ ਤੇ ਗਿਲੇ ਦੇਣ ਨਾਲੋਂ ਤੇ ਉਮਰ ਬਰਬਾਦ ਕਰਨ ਨਾਲੋਂ, ਪਹਿਲਾਂ ਸਭ ਕੁਝ ਕਹਿ ਦੇਣਾ ਪਸੰਦ ਕਰਦੀਆਂ ਨੇ। ਮੇਰਾ ਖ਼ਿਆਲ ਹੈ ਬਹੁਤ ਹੀ ਘਟ ਇਹੋ ਜਿਹੀਆਂ ਸਿਆਣੀਆਂ ਪੜ੍ਹੀਆਂ ਲੜਕੀਆਂ ਹੋਣਗੀਆਂ ਜਿਹੜੀਆਂ ਸਿਰਫ਼ ਮਾਪਿਆਂ ਦੀ ਹੀ ਮਰਜ਼ੀ ਨਾਲ ਆਪਣੇ ਆਪ ਨੂੰ ਕਿਸੇ ਅਨ-ਡਿਠੇ ਸ਼ਖ਼ਸ ਨਾਲ ਸਾਰੀ ਉਮਰ ਲਈ ਬੰਨ੍ਹ ਲੈਣ। ਸਗੋਂ

੮੯