ਪਹਿਲਾ ਪਿਆਰ
73
ਅਤੇ ਮੈਂ ਉਸ ਅੱਗੇ ਬੈਠਾ ਸੀ, ਮੈਂ ਸੋਚਿਆ ਕਿ ਮੈਂ ਉਸਨੂੰ ਜਾਣਦਾ ਸੀ। ਮੈਂ ਉਸਨੂੰ ਜਾਣਦਾ ਹਾਂ, ਕਿੰਨੀ ਖੁਸ਼ੀ! ਮੇਰੇ ਰੱਬਾ! ਮੈਂ ਆਪਣੀ ਅਥਾਹ ਖੁਸ਼ੀ ਦੇ ਮਾਰੇ ਲਗਪਗ ਆਪਣੀ ਕੁਰਸੀ ਤੇ ਉਛਲ ਹੀ ਪਿਆ ਸੀ; ਪਰ ਮੈਂ ਆਪਣੀਆਂ ਲੱਤ ਨੂੰ ਥੋੜਾ ਜਿਹਾ ਝੁਲਾਇਆ, ਜਿਵੇਂ ਇਕ ਬੱਚਾ ਜੋ ਕਿਸੇ ਚੀਜ਼ ਦਾ ਅਨੰਦ ਲੈਂਦੇ ਹੋਏ ਕਰਦਾ ਹੈ।
ਮੈਂ ਪਾਣੀ ਵਿਚ ਮੱਛੀ ਦੀ ਤਰ੍ਹਾਂ ਖੁਸ਼ ਸੀ, ਅਤੇ ਉਸੇ ਕਮਰੇ ਵਿੱਚ ਇਕੋ ਜਗ੍ਹਾ ਮੈਂ ਉਮਰ ਭਰ ਲਈ ਰਹਿ ਸਕਦਾ ਸਾਂ। ਉਸਨੇ ਹੌਲੀ-ਹੌਲੀ ਆਪਣੀਆਂ ਅੱਖਾਂ ਚੁੱਕੀਆਂ, ਅਤੇ ਇਕ ਵਾਰ ਫਿਰ ਉਨ੍ਹਾਂ ਦੀ ਲਿਸ਼ਕ ਮੇਰੇ ਤੇ ਮਿਹਰਬਾਨ ਹੋਈ, ਅਤੇ ਫਿਰ ਉਹ ਮੁਸਕਰਾਈ।
"ਤੂੰ ਮੇਰੇ ਵੱਲ ਕਿਵੇਂ ਦੇਖਦਾ ਹੈਂ," ਉਸ ਨੇ ਮੇਰੇ ਵੱਲ ਸਿਰ ਹਿਲਾ ਕੇ ਹੌਲੀ ਜਿਹੀ ਕਿਹਾ।
ਮੈਂ ਸ਼ਰਮਾ ਗਿਆ "ਇਹ ਸਭ ਕੁਝ ਸਮਝਦੀ ਅਤੇ ਵੇਖਦੀ ਹੈ," ਮੇਰੇ ਮਨ ਵਿੱਚ ਤੇਜ਼ੀ ਨਾਲ ਖ਼ਿਆਲ ਆਇਆ। ਅਤੇ ਵਾਸਤਵ ਵਿੱਚ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਸਭ ਕੁਝ ਸਮਝ ਅਤੇ ਵੇਖ ਨਾ ਸਕਦੀ!
ਅਚਾਨਕ ਮੈਂ ਅਗਲੇ ਕਮਰੇ ਦੇ ਦਰਵਾਜ਼ੇ ਤੇ ਦਸਤਕ ਅਤੇ ਇਕ ਤਲਵਾਰ ਦੀ ਖਣਕ ਸੁਣੀ।
"ਜ਼ੀਨਾ!" ਡਰਾਇੰਗ-ਰੂਮ ਵਿੱਚੋਂ ਰਾਜਕੁਮਾਰੀ ਦੀ ਆਵਾਜ਼ ਸੁਣਾਈ ਦਿੱਤੀ। "ਬੇਲੋਵਜ਼ੋਰੋਵ ਤੇਰੇ ਲਈ ਇੱਕ ਬਲੂੰਗੜਾ ਲਿਆਇਆ ਹੈ।"
"ਬਲੂੰਗੜਾ!" ਜ਼ਿਨੈਦਾ ਨੇ ਹੈਰਾਨੀ ਨਾਲ ਉਛਲਦੇ ਹੋਏ ਕਿਹਾ! ਅਤੇ ਉੱਨ ਦਾ ਗੋਲਾ ਮੇਰੀ ਗੋਦ ਵਿਚ ਸੁੱਟ ਕੇ ਉਹ ਇੱਕਦਮ ਕਮਰੇ ਵਿਚੋਂ ਬਾਹਰ ਚਲੀ ਗਈ। ਮੈਂ ਉੱਠਿਆ, ਅਤੇ ਖਿੜਕੀ ਦੀ ਚੁਗਾਠ ਤੇ ਉੱਨ ਰੱਖ ਕੇ ਮੈਂ ਡਰਾਇੰਗ-ਰੂਮ ਵਿਚ ਚਲਾ ਗਿਆ ਅਤੇ ਹੈਰਾਨੀ ਨਾਲ ਸੁੰਨ ਖੜ੍ਹ ਗਿਆ। ਫ਼ਰਸ਼ ਦੇ ਕੇਂਦਰ ਵਿੱਚ ਪੰਜੇ ਫੈਲਾਈ ਇੱਕ ਪਾਲਤੂ ਬਲੂੰਗੜਾ ਪਿਆ ਸੀ। ਜ਼ਿਨੈਦਾ ਇਸਦੇ ਅੱਗੇ ਗੋਡਿਆਂ ਭਾਰ ਝੁੱਕੀ ਹੋਈ ਹੌਲੀ-ਹੌਲੀ ਇਸ ਦੇ ਨਿੱਕੇ ਜਿਹੇ ਮੂੰਹ ਨੂੰ ਚੁੱਕ ਰਹੀ ਸੀ। ਰਾਜਕੁਮਾਰੀ ਦੇ ਕੋਲ ਮੈਂ ਇੱਕ ਹੁਸਾਰ, ਸੁਹਣੇ ਘੁੰਗਰਾਲੇ ਵਾਲਾਂ, ਲਾਲ ਮੱਥੇ ਅਤੇ ਉਭਰੀਆਂ ਅੱਖਾਂ ਵਾਲਾ ਇੱਕ ਸੁਹਣਾ ਨੌਜਵਾਨ ਵੇਖਿਆ। ਉਸ ਨੇ ਖਿੜਕੀਆਂ ਦੇ ਵਿਚਕਾਰ ਸਾਰੀ ਜਗ੍ਹਾ ਮੱਲੀ ਹੋਈ ਲੱਗਦੀ ਸੀ।