ਪੰਨਾ:First Love and Punin and Babúrin.djvu/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

135

ਮੈਂ ਤੁਰਤ ਉਸ ਨੂੰ ਪਛਾਣ ਲਿਆ, ਭਾਵੇਂ ਉਸਨੇ ਕਾਲ਼ਾ ਚੋਗਾ ਪਹਿਨ ਰੱਖਿਆ ਸੀ ਅਤੇ ਟੋਪੀ ਆਪਣੀਆਂ ਅੱਖਾਂ ਤੇ ਖਿੱਚੀ ਹੋਈ ਸੀ। ਉਹ ਮਲ੍ਹਕ-ਮਲ੍ਹਕ ਮੇਰੇ ਕੋਲੋਂ ਲੰਘ ਗਿਆ। ਉਸ ਨੇ ਮੈਨੂੰ ਨਹੀਂ ਸੀ ਦੇਖਿਆ, ਹਾਲਾਂਕਿ ਮੈਂ ਕਿਸੇ ਓਟ ਵਿੱਚ ਨਹੀਂ ਸੀ; ਪਰ ਮੈਂ ਇਸ ਤਰ੍ਹਾਂ ਸਿਮਟ ਕੇ, ਅਤੇ ਇੰਨਾ ਛੋਟਾ ਜਿਹਾ ਬਣਿਆ ਹੋਇਆ ਸੀ ਕਿ, ਮੈਂ ਜ਼ਮੀਨ ਦੇ ਲਗਪਗ ਹਮਵਾਰ ਹੀ ਸੀ। ਆਪਣੇ ਚਾਕੂ ਨਾਲ ਹਮਲੇ ਲੀ ਤਿਆਰ ਘਾਤ ਲਾਈ ਬੈਠਾ ਈਰਖਾਲੂ ਓਥੈਲੋ, ਅਚਾਨਕ ਪਲਟ ਕੇ ਇੱਕ ਸਕੂਲੀ ਮੁੰਡਾ ਬਣ ਗਿਆ ਸੀ। ਆਪਣੇ ਪਿਤਾ ਨੂੰ ਦੇਖ ਕੇ ਮੈਂ ਇੰਨਾ ਡਰ ਗਿਆ ਸੀ ਕਿ ਮੈਂ ਇਹ ਵੀ ਧਿਆਨ ਨਹੀਂ ਰੱਖ ਸਕਿਆ ਕਿ ਉਹ ਕਿਸ ਪਾਸੇ ਨੂੰ ਗਿਆ ਸੀ, ਅਤੇ ਕਿਥੇ ਗਾਇਬ ਹੋ ਗਿਆ ਸੀ। ਸਿਰਫ਼ ਉਦੋਂ ਜਦੋਂ ਹਰ-ਚੀਜ਼ ਸ਼ਾਂਤ ਹੋ ਗਈ ਸੀ, ਮੈਂ ਇੱਕ ਵਾਰ ਫਿਰ ਉੱਠਿਆ ਅਤੇ ਮੈਂ ਹੈਰਾਨ ਹੋਣ ਲੱਗਿਆ ਕਿ ਮੇਰਾ ਪਿਤਾ ਰਾਤ ਨੂੰ ਬਾਗ਼ ਵਿਚ ਸੈਰ ਕਿਉਂ ਕਰ ਰਿਹਾ ਸੀ। ਦਹਿਲ ਕਰਕੇ। ਇਕ ਪਲ ਵਿਚ ਮੈਂ ਹੋਸ਼ ਵਿਚ ਆ ਗਿਆ। ਪਰ, ਘਰ ਵਾਪਸੀ ਦੇ ਰਾਹ ਵਿੱਚ ਮੈਂ ਬੁੱਢ-ਪੁਰਾਣੇ ਦਰਖ਼ਤ ਦੇ ਹੇਠ ਆਪਣੇ ਛੋਟੇ ਜਿਹੇ ਬੈਂਚ ਕੋਲ ਗਿਆ, ਅਤੇ ਜ਼ਿਨੈਦਾ ਦੇ ਸੌਣ-ਕਮਰੇ ਦੀ ਬਾਰੀ ਵੱਲ ਵੇਖਿਆ। ਬਾਰੀ ਦੀਆਂ ਛੋਟੀਆਂ ਛੋਟੀਆਂ ਹਲਕੀਆਂ ਢਕੀਆਂ ਹੋਈਆਂ ਚੁਗਾਠਾਂ, ਰਾਤ ਦੇ ਅਸਮਾਨ ਦੀ ਮੰਦ-ਮੰਦ ਰੌਸ਼ਨੀ ਕਾਰਨ ਹਲਕੀਆਂ ਨੀਲੀਆਂ ਲੱਗਦੀਆਂ ਸਨ। ਪਰ ਅਚਾਨਕ ਉਨ੍ਹਾਂ ਦਾ ਰੰਗ ਬਦਲ ਗਿਆ। ਮੈਂ ਸਾਫ਼-ਸਾਫ਼ ਦੇਖਿਆ ਉਨ੍ਹਾਂ ਦੇ ਪਿੱਛੇ ਇੱਕ ਸਫੈਦ ਪਰਦਾ ਪੂਰੀ ਤਰ੍ਹਾਂ ਤਾਣ ਦਿੱਤਾ ਗਿਆ ਸੀ ਅਤੇ ਤਣਿਆ ਰਿਹਾ।

"ਇਸਦਾ ਮਤਲਬ ਕੀ ਹੈ?" ਮੈਂ ਆਪਣੇ ਕਮਰੇ ਵਿੱਚ ਵਾਪਸ ਆ ਕੇ ਆਪਮੁਹਾਰੇ ਆਪਣੇ ਆਪ ਨੂੰ ਉੱਚੀ ਆਵਾਜ਼ ਵਿੱਚ ਕਿਹਾ। ਕੀ ਇਹ ਇੱਕ ਸੁਪਨਾ, ਕੋਈ ਦੁਰਘਟਨਾ, ਜਾਂ....ਸੀ। ਵਿਚਾਰ ਜੋ ਅਚਾਨਕ ਮੇਰੇ ਜ਼ਹਿਨ ਵਿੱਚ ਆਏ ਸਨ ਉਹ ਏਨੇ ਅਜੀਬ ਅਤੇ ਭਿਆਨਕ ਸਨ, ਕਿ ਉਨ੍ਹਾਂ ਬਾਰੇ ਸੋਚਣ ਦਾ ਜੇਰਾ ਮੇਰੇ ਕੋਲ ਨਹੀਂ ਸੀ।