ਪੰਨਾ:First Love and Punin and Babúrin.djvu/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

113

XIII

ਮੈਂ ਉਸ ਸਾਰਾ ਦਿਨ ਏਨਾ ਖ਼ੁਸ਼ ਅਤੇ ਮਾਣਮੱਤਾ ਰਿਹਾ ਸੀ; ਮੈਂ ਜ਼ਿਨੈਦਾ ਦੀਆਂ ਚੁੰਮੀਆਂ ਦੀ ਅਦਭੁਤ ਸ਼ਕਤੀ ਨੂੰ ਏਨੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਸੀ; ਮੈਨੂੰ ਉਸ ਦਾ ਹਰ ਸ਼ਬਦ ਅਜਿਹੀ ਉਤੇਜਨਾ ਅਤੇ ਥਿਰਕਣ ਨਾਲ ਯਾਦ ਆ ਰਿਹਾ ਸੀ; ਮੈਂ ਆਪਣੀ ਨਵੀਂ, ਅਚਾਨਕ ਮਿਲੀ ਖੁਸ਼ੀ ਵਿੱਚ ਏਨਾ ਡੁੱਬ ਗਿਆ ਸੀ, ਕਿ ਮੈਂ ਡਰ ਵੀ ਗਿਆ ਸੀ, ਅਤੇ ਇਨ੍ਹਾਂ ਨਵੀਆਂ ਭਾਵਨਾਵਾਂ ਲਈ ਜ਼ਿੰਮੇਵਾਰ, ਜ਼ਿਨੈਦਾ ਨੂੰ ਮੈਂ ਦੇਖਣਾ ਨਹੀਂ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਕੋਲ ਕਿਸਮਤ ਤੋਂ ਮੰਗਣ ਲਈ ਕੁਝ ਹੋਰ ਨਹੀਂ ਸੀ; ਕਿ ਹੁਣ "ਤਿਆਰੀ ਕਰਨ, ਆਖ਼ਰੀ ਡੂੰਘੀ ਸਾਹ ਲੈਣ ਅਤੇ ਮਰ ਜਾਣ" ਦਾ ਸਮਾਂ ਆ ਗਿਆ ਸੀ।

ਪਰ ਅਗਲੇ ਦਿਨ, ਜਦੋਂ ਮੈਂ ਜ਼ੈਸੇਕਿਨਾਂ ਦੇ ਘਰ ਗਿਆ, ਤਾਂ ਮੈਂ ਬਹੁਤ ਘਬਰਾਹਟ ਜਿਹੀ ਮਹਿਸੂਸ ਕੀਤੀ। ਇਸ ਘਬਰਾਹਟ ਨੂੰ ਮੈਂ ਬੜੇ ਬੇਪਰਵਾਹੀ ਦੇ ਲਹਿਜੇ ਨਾਲ ਛੁਪਾਉਣ ਦਾ ਯਤਨ ਕੀਤਾ। ਮੈਂ ਇਹ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਅਜਿਹਾ ਵਿਅਕਤੀ ਬਣ ਗਿਆ ਸੀ, ਜੋ ਭੇਤ ਰੱਖ ਸਕਦਾ ਸੀ। ਜ਼ਿਨੈਦਾ ਮੈਨੂੰ ਕਿਸੇ ਤਰ੍ਹਾਂ ਦੀ ਭਾਵਨਾ ਤੋਂ ਕੋਰੀ ਆਮ ਵਾਂਗ ਮਿਲੀ; ਉਸਨੇ ਮੇਰੇ ਬਦਨ ਤੇ ਆਪਣੀ ਉਂਗਲੀ ਫੇਰੀ, ਅਤੇ ਪੁੱਛਿਆ ਕਿ ਕੀ ਕੋਈ ਸੱਟਾਂ ਦੇ ਨਿਸ਼ਾਨ ਤਾਂ ਨਹੀਂ ਸਨ? ਮੇਰੀ ਸਾਰੀ ਬੇਪਰਵਾਹੀ ਅਤੇ ਮੇਰੀ ਸਾਰੀ ਘਬਰਾਹਟ ਵੀ ਅਲੋਪ ਹੋ ਗਈ ਸੀ। ਬੇਸ਼ੱਕ ਮੈਨੂੰ ਕਿਸੇ ਖਾਸ ਚੀਜ਼ ਦੀ ਉਮੀਦ ਨਹੀਂ ਸੀ; ਪਰ ਜ਼ਿਨੈਦਾ ਦੀ ਸ਼ਾਂਤੀ ਨੇ ਮੇਰਾ ਸਾਰਾ ਜੋਸ਼ ਮੱਠਾ ਕਰ ਦਿੱਤਾ ਸੀ। ਮੈਂ ਦੇਖਿਆ ਕਿ ਮੈਂ ਉਸ ਦੀ ਨਜ਼ਰ ਵਿੱਚ ਅਜੇ ਇੱਕ ਬੱਚਾ ਹੀ ਸੀ, ਅਤੇ ਮੈਂ ਬਹੁਤ ਉਦਾਸ ਹੋ ਗਿਆ। ਜ਼ਿਨੈਦਾ ਕਮਰੇ ਵਿੱਚ ਟਹਿਲ ਰਹੀ ਸੀ ਅਤੇ ਉਹ ਜਦ ਵੀ ਮੇਰੇ ਵੱਲ ਦੇਖਦੀ ਤਾਂ ਉਸ ਦੇ ਚਿਹਰੇ ਤੇ ਪਲ ਭਰ ਲਈ ਇੱਕ ਮੁਸਕਰਾਹਟ ਆ ਜਾਂਦੀ ਸੀ। ਪਰ ਉਸਦੇ ਵਿਚਾਰ ਬਹੁਤ ਦੂਰ ਭਟਕ ਰਹੇ ਸਨ- ਮੈਂ ਇਹ ਤਾੜ ਸਕਦਾ ਸੀ। ਮੈਨੂੰ ਸਮਝ ਨਹੀਂ ਪੈ ਰਹੀ ਸੀ ਕਿ ਮੈਨੂੰ ਕੱਲ੍ਹ ਦੀ ਘਟਨਾ ਬਾਰੇ ਕੋਈ ਗੱਲ ਕਰਨੀ ਚਾਹੀਦੀ ਹੈ, ਅਤੇ ਉਸਨੂੰ ਪੁੱਛਣਾ ਚਾਹੀਦਾ ਹੈ ਕਿ ਉਹ ਇੰਨੀ ਕਾਹਲੀ ਕਾਹਲੀ ਕਿਥੇ ਜਾ ਰਹੀ ਸੀ, ਤਾਂ ਜੋ ਪੱਕਾ ਪਤਾ ਲੱਗ ਜਾਵੇ।